ਜੈਸ਼ੰਕਰ ਤੇ 61 ਦੇਸ਼ਾਂ ਦੇ ਸਫ਼ੀਰਾਂ ਵੱਲੋਂ ਕਾਜ਼ੀਰੰਗਾ ਕੌਮੀ ਪਾਰਕ ਦਾ ਦੌਰਾ

ਜੈਸ਼ੰਕਰ ਤੇ 61 ਦੇਸ਼ਾਂ ਦੇ ਸਫ਼ੀਰਾਂ ਵੱਲੋਂ ਕਾਜ਼ੀਰੰਗਾ ਕੌਮੀ ਪਾਰਕ ਦਾ ਦੌਰਾ

ਗੁਹਾਟੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ 61 ਦੇਸ਼ਾਂ ਦੇ ਸਫ਼ੀਰਾਂ ਨੇ ਅੱਜ ਸਵੇਰੇ ਕਾਜ਼ੀਰੰਗਾ ਕੌਮੀ ਪਾਰਕ ਵਿੱਚ ਹਾਥੀ ਦੀ ਸਵਾਰੀ ਕੀਤੀ ਅਤੇ ਜੀਪ ਸਫ਼ਾਰੀ ਦਾ ਆਨੰਦ ਮਾਣਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਸਫ਼ੀਰ ਐਤਵਾਰ ਰਾਤ ਨੂੰ ਵਿਦੇਸ਼ ਮੰਤਰੀ ਦੇ ਨਾਲ ਜੋਰਹਾਟ ਪੁੱਜੇ ਸਨ ਅਤੇ ਅੱਜ ਸਵੇਰੇ ਕਾਜ਼ੀਰੰਗਾ ਪਹੁੰਚੇ।

ਸਫ਼ੀਰਾਂ ਨੇ ਸਭ ਤੋਂ ਪਹਿਲਾਂ ਪਾਰਕ ਦੀ ਕੇਂਦਰੀ ਰੇਂਜ ਕੋਹੋਰਾ ਵਿੱਚ ਹਾਥੀ ਦੀ ਸਵਾਰੀ ਦਾ ਮਜ਼ਾ ਲਿਆ। ਜੈਸ਼ੰਕਰ ਨੇ ਮਸ਼ਹੂਰ ਹਾਥੀ ਪ੍ਰਦਯੁਮਨ ’ਤੇ ਸਵਾਰੀ ਕੀਤੀ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਕਈ ਸਫ਼ੀਰਾਂ ਦੇ ਜੀਵਨ ਸਾਥੀਆਂ ਨੇ ਵੀ ਇਸ ਦੌਰੇ ਦਾ ਲਾਭ ਲਿਆ, ਜਦਕਿ ‘ਐਡਵਾਂਟੇਜ ਅਸਾਮ 2.0 ਇਨਫਰਾਸਟਰੱਕਚਰ ਐਂਡ ਇਨਵੈਸਟਮੈਂਟ ਸਮਿਟ’ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਜਿਵੇਂ ਕਿ ਭੂਟਾਨ, ਜਪਾਨ, ਦੱਖਣੀ ਕੋਰੀਆ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਹੋਰ ਦੇਸ਼ਾਂ ਦੇ ਰਾਜਦੂਤ ਸਿੱਧੇ ਗੁਹਾਟੀ ਪੁੱਜਣਗੇ।

ਹਾਥੀਆਂ ਦੀ ਸਵਾਰੀ ਤੋਂ ਬਾਅਦ ਸਫ਼ੀਰਾਂ ਨੇ ਯੂਨੈਸਕੋ ਦੀ ਵਿਸ਼ਵ ਵਿਰਾਸਤੀ ਸਾਈਟ ਪਾਰਕ ਦੇ ਅੰਦਰ ਜੀਪ ਸਫਾਰੀ ਦਾ ਆਨੰਦ ਮਾਣਿਆ। ਸਫਾਰੀ ਤੋਂ ਬਾਅਦ ਜੈਸ਼ੰਕਰ ਤੇ ਕੁਝ ਸਫ਼ੀਰਾਂ ਨੂੰ ਹਾਥੀਆਂ ਨੂੰ ਚਾਰਾ ਖੁਆਉਂਦੇ ਹੋਏ ਦੇਖਿਆ ਗਿਆ। ਵਿਦੇਸ਼ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਇਕ ਵੱਖਰਾ ਤਜਰਬਾ ਸੀ। ਅਸੀਂ ਗੈਂਡੇ ਤੇ ਹਿਰਨਾਂ ਦੀਆਂ ਵੱਖ ਵੱਖ ਕਿਸਮਾਂ ਦੇਖੀਆਂ। ਅਸੀਂ ਇਸ ਬਾਰੇ ਸਿਰਫ਼ ਕਿਤਾਬਾਂ ’ਚ ਪੜ੍ਹਿਆ ਸੀ ਅਤੇ ਫਿਲਮਾਂ ’ਚ ਦੇਖਿਆ ਸੀ। ਇਹ ਦਿਨ ਦੀ ਸ਼ੁਰੂਆਤ ਕਰਨ ਦਾ ਇਕ ਬਿਹਤਰੀਨ ਤਰੀਕਾ ਹੈ।’

Share: