ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ, ਮੈਦਾਨੀ ਇਲਾਕਿਆਂ ‘ਚ ਬਾਰਿਸ਼

ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ, ਮੈਦਾਨੀ ਇਲਾਕਿਆਂ ‘ਚ ਬਾਰਿਸ਼

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਉੱਚੇ ਇਲਾਕਿਆਂ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਲਗਾਤਾਰ ਮੀਂਹ ਨੇ ਵੀਰਵਾਰ ਨੂੰ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੋਕੇ ਨੂੰ ਖਤਮ ਕਰ ਦਿੱਤਾ। ਇਸ ਨਾਲ ਨਦੀਆਂ ਅਤੇ ਝਰਨਿਆਂ ਵਿਚ ਪਾਣੀ ਦੇ ਨਿਕਾਸ ’ਚ ਕਾਫੀ ਸੁਧਾਰ ਹੋਇਆ ਹੈ। ਘਾਟੀ ਵਿੱਚ ਰਹਿ ਰਹੇ ਹਜ਼ਾਰਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਦਿਆਂ ਲਗਭਗ ਸਾਰੀਆਂ ਨਦੀਆਂ, ਨਾਲੇ ਅਤੇ ਝਰਨੇ ਆਮ ਵਾਂਗ ਵਹਿਣ ਲੱਗ ਪਏ ਹਨ। ਅਨੰਤਨਾਗ ਜ਼ਿਲ੍ਹੇ ਵਿੱਚ ਸੁੱਕਿਆ ਇਤਿਹਾਸਕ ਅਚਬਲ ਝਰਨਾ ਹੁਣ ਕੁਦਰਤੀ ਤੌਰ ’ਤੇ ਵਹਿਣ ਲੱਗਾ ਹੈ ਜਿਸ ਨਾਲ ਸਥਾਨਕ ਲੋਕਾਂ ਦੇ ਚਿਹਰਿਆਂ ‘ਤੇ ਰੌਣਕ ਆ ਗਈ।

ਜ਼ਿਕਰਯੋਗ ਹੈ ਕਿ ਲੋਕ ਪੀਣ ਯੋਗ ਪਾਣੀ ਅਤੇ ਖੇਤੀਬਾੜੀ/ਬਾਗਬਾਨੀ ਲਈ ਇਸ ਝਰਨੇ ’ਤੇ ਨਿਰਭਰ ਕਰਦੇ ਹਨ। ਗੁਲਮਰਗ, ਸੋਨਮਰਗ, ਜ਼ੋਜਿਲਾ ਦੱਰਾ, ਗੁਰੇਜ਼, ਸਿੰਥਨ ਟਾਪ, ਪੀਰ ਕੀ ਗਲੀ, ਰਾਜ਼ਦਾਨ ਪਾਸ ਅਤੇ ਹੋਰ ਪਹਾੜੀ ਖੇਤਰਾਂ ਵਰਗੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਗੁਲਮਰਗ ਵਿਚ ਜ਼ਮੀਨ ‘ਤੇ ਦੋ ਤੋਂ ਤਿੰਨ ਫੁੱਟ ਤਾਜ਼ਾ ਬਰਫ ਜਮ੍ਹਾ ਹੋ ਗਈ ਹੈ।

ਇਸ ਨੇ ‘ਖੇਲੋ ਇੰਡੀਆ 2025 ਵਿੰਟਰ ਸਪੋਰਟਸ ਗੁਲਮਰਗ’ ਦੀਆਂ ਉਮੀਦਾਂ ਨੂੰ ਮੁੜ ਜਗਾਇਆ ਹੈ, ਜੋ ਹੁਣ ਕਿਸੇ ਵੀ ਸਮੇਂ ਸ਼ੁਰੂ ਹੋਣਗੀਆਂ। ਗ਼ੌਰਤਲਬ ਹੈ ਕਿ ਇਸ ਸਰਦੀਆਂ ਵਿੱਚ ਬਹੁਤ ਘੱਟ ਬਰਫਬਾਰੀ ਹੋਣ ਕਾਰਨ ਗੁਲਮਰਗ ਵਿੱਚ ਹੋਣ ਵਾਲੀਆਂ ਇਹ ਰਾਸ਼ਟਰੀ ਸਰਦੀਆਂ ਦੀਆਂ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਪਿਛਲੇ 24 ਘੰਟਿਆਂ ਦੌਰਾਨ ਮੀਂਹ ਅਤੇ ਬਰਫਬਾਰੀ ਨੇ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਹੈ। ਸ੍ਰੀਨਗਰ ਵਿੱਚ 5.1 ਡਿਗਰੀ ਸੈਲਸੀਅਸ, ਗੁਲਮਰਗ ਵਿੱਚ ਮਨਫ਼ੀ 1.8 ਡਿਗਰੀ ਅਤੇ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 17.2 ਡਿਗਰੀ ਸੈਲਸੀਅਸ, ਕਟੜਾ ਸ਼ਹਿਰ 14.8 ਡਿਗਰੀ, ਬਟੋਤੇ 6.5, ਬਨਿਹਾਲ 6 ਅਤੇ ਭਦਰਵਾਹ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ (MeT) ਦਫਤਰ ਨੇ ਅਗਲੇ 24 ਘੰਟਿਆਂ ਦੌਰਾਨ ਇਥੇ ਹੋਰ ਮੀਂਹ/ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।

Share: