ਸ੍ਰੀਨਗਰ : ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਅੱਜ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋਈ ਜਦਕਿ ਮੈਦਾਨੀ ਇਲਾਕਿਆਂ ਵਿੱਚ ਭਰਵਾਂ ਮੀਂਹ ਪਿਆ। ਇੱਥੋਂ ਦੇ ਕਈ ਇਲਾਕਿਆਂ ’ਚ ਸਵੇਰ ਤੋਂ ਬਰਫਬਾਰੀ ਜਾਰੀ ਰਹੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੁਲਮਰਗ, ਸੋਨਮਰਗ ਅਤੇ ਪਹਿਲਗਾਮ ’ਚ ਤਾਜ਼ਾ ਬਰਫਬਾਰੀ ਹੋਈ ਜਿਸ ਨਾਲ ਸੈਲਾਨੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ। ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਬਾਂਦੀਪੋਰਾ ਵਿੱਚ ਰਾਜ਼ਦਾਨ ਟੌਪ ਅਤੇ ਗੁਰੇਜ਼, ਸਾਧਨਾ ਟੌਪ, ਹੰਦਵਾੜਾ ਅਤੇ ਕੁਪਵਾੜਾ ਅਤੇ ਸ਼ੋਪੀਆਂ ਵਿੱਚ ਮੁਗਲ ਰੋਡ ਵਿੱਚ ਬਰਫ਼ ਪਈ। ਇਸ ਤੋਂ ਇਲਾਵਾ ਹੋਰ ਉੱਚਾਈ ਵਾਲੇ ਖੇਤਰਾਂ ਜ਼ੋਜਿਲਾ ਪਾਸ, ਸਿੰਥਨ ਟੌਪ ਅਤੇ ਅਮਰਨਾਥ ਗੁਫਾ ਵਿਚ ਵੀ ਬਰਫਬਾਰੀ ਹੋਈ। ਸ੍ਰੀਨਗਰ-ਲੇਹ ਹਾਈਵੇਅ ਸਮੇਤ ਉੱਚੇ ਇਲਾਕਿਆਂ ’ਚ ਕਈ ਅੰਤਰ-ਜ਼ਿਲ੍ਹਾ ਸੜਕਾਂ ’ਤੇ ਬਰਫ ਜਮ੍ਹਾਂ ਹੋਣ ਕਾਰਨ ਇਨ੍ਹਾਂ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ-ਜੰਮੂ ਕੌਮੀ ਮਾਰਗ ਆਵਾਜਾਈ ਲਈ ਖੁੱਲ੍ਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀਨਗਰ ਸਮੇਤ ਘਾਟੀ ਦੇ ਮੈਦਾਨੀ ਇਲਾਕਿਆਂ ’ਚ ਰੁਕ-ਰੁਕ ਕੇ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਤੱਕ ਜ਼ਿਆਦਾਤਰ ਖੇਤਰਾਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਜਾਂ ਬਰਫਬਾਰੀ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਸਾਫ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਜੰਮੂ ’ਚ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਇੱਕ ਬੱਚੇ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਜੰਮੂ-ਪੁਣਛ ਕੌਮੀ ਮਾਰਗ ’ਤੇ ਇੱਕ ਵੱਡਾ ਪੱਥਰ ਇੱਕ ਵਾਹਨ ’ਤੇ ਡਿੱਗ ਪਿਆ ਜਿਸ ਕਾਰਨ ਡਰਾਈਵਰ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਰਿਆਸੀ ਜ਼ਿਲ੍ਹੇ ’ਚ ਇੱਕ 14 ਸਾਲਾ ਲੜਕਾ ਆਪਣੇ ਘਰ ਨੇੜੇ ਦਰਿਆ ਪਾਰ ਕਰਨ ਸਮੇਂ ਇਸ ’ਚ ਡੁੱਬ ਗਿਆ।
Posted inNews
ਕਸ਼ਮੀਰ ਦੇ ਉਪਰਲੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ
