ਕਾਸ਼ ਪਟੇਲ ਨੇ ਐੱਫਬੀਆਈ ਡਾਇਰੈਕਟਰ ਵਜੋਂ ਹਲਫ਼ ਲਿਆ

ਕਾਸ਼ ਪਟੇਲ ਨੇ ਐੱਫਬੀਆਈ ਡਾਇਰੈਕਟਰ ਵਜੋਂ ਹਲਫ਼ ਲਿਆ

ਵਾਸ਼ਿੰਗਟਨ :  ਕਾਸ਼ ਪਟੇਲ ਨੇ ਅਮਰੀਕਾ ਦੀ ਸੰਘੀ ਜਾਂਚ ਏਜੰਸੀ (FBI) ਦੇ ਡਾਇਰੈਕਟਰ ਵਜੋਂ ਹਲਫ਼ ਲਿਆ ਹੈ। ਇਸ ਮੌਕੇ ਪਟੇਲ ਦੀ ਭੈਣ ਨਿਸ਼ਾ ਪਟੇਲ, ਮਹਿਲਾ ਮਿੱਤਰ ਅਲੈਕਸਿਸ ਵਿਲਕਿਨਸ ਤੇ ਹੋਰ ਸਕੇ ਸਬੰਧੀ ਵੀ ਮੌਜੂਦ ਸਨ। ਪਟੇਲ ਨੇ Bhagwad Gita ’ਤੇ ਹੱਥ ਰੱਖ ਕੇ ਹਲਫ਼ ਲਿਆ। ਵ੍ਹਾਈਟ ਹਾਊਸ ਵਿਚ ਰੱਖੇ ਸਮਾਗਮ ਦੌਰਾਨ  ਅਟਾਰਨੀ ਜਨਰਲ  Pam Bondi ਨੇ ਪਟੇਲ ਨੂੰ ਸਹੁੰ ਚੁਕਾਈ। ਪਟੇਲ ਨੇ ਇਸ ਨੂੰ ‘ਵੱਡਾ ਸਨਮਾਨ’ ਕਰਾਰ ਦਿੱਤਾ।

ਚੇਤੇ ਰਹੇ ਕਿ ਅਮਰੀਕੀ ਸੈਨੇਟ ਨੇ ਲੰਘੇ ਦਿਨੀਂ ਵੋਟਿੰਗ ਦੌਰਾਨ 51-49 ਦੇ ਬਹੁਤ ਮਾਮੂਲੀ ਫਰਕ ਨਾਲ ਅਗਲੇ ਐੱਫਬੀਆਈ ਡਾਇਰੈਕਟਰ ਵਜੋਂ ਕਾਸ਼ ਪਟੇਲ ਦੇ ਨਾਮ ’ਤੇ ਮੋਹਰ ਲਾ ਦਿੱਤੀ ਸੀ। ਦੱਸ ਦੇਈਏ ਕਿ ਕੁਝ ਡੈਮੋਕਰੈਟ ਸੈਨੇਟਰਾਂ ਨੇ ਪਟੇਲ ਦੀ ਨਾਮਜ਼ਦਗੀ ’ਤੇ ਇਤਰਾਜ਼ ਜਤਾਇਆ ਸੀ ਕਿ ਉਹ ਟਰੰਪ ਦੇ ਹੱਥ ਦੀ ਕੱਠਪੁਤਲੀ ਬਣ ਕੇ ਉਨ੍ਹਾਂ ਦੇ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।

ਕਾਸ਼ ਪਟੇਲ ਦਾ ਪੂਰਾ ਨਾਮ ਕਸ਼ਯਪ ਪ੍ਰਮੋਦ ਵਿਨੋਦ ਪਟੇਲ (44) ਤੇ ਉਹ ਐੱਫਬੀਆਈ ਦੇ 9ਵੇਂ ਡਾਇਰੈਕਟਰ ਬਣੇ ਹਨ। ਉਹ ਪਹਿਲੇ ਭਾਰਤੀ ਤੇ ਏਸ਼ਿਆਈ ਮੂਲ ਦੇ ਪਹਿਲੇ ਵਿਅਕਤੀ ਹਨ, ਜੋ ਇਸ ਅਹੁਦੇ ’ਤੇ ਬਿਰਾਜਮਾਨ ਹੋਏ ਹਨ। ਪਟੇਲ ਦੇ ਮਾਤਾ-ਪਿਤਾ ਗੁਜਰਾਤ ਤੋਂ ਹਨ ਪਰ ਨਸਲੀ ਦਮਨ ਤੋਂ ਬਚਣ ਲਈ ਉਹ ਯੂਗਾਂਡਾ ਤੋਂ ਭੱਜ ਕੇ ਪਹਿਲਾ ਕੈਨੇਡਾ ਤੇ ਉਥੋਂ ਅਮਰੀਕਾ ਆਏ ਸਨ।

ਪਟੇਲ ਨਿਊਯਾਰਕ ਵਿੱਚ ਵੱਡਾ ਹੋਇਆ ਤੇ ਕਾਨੂੰਨ ਦੀ ਪੜ੍ਹਾਈ ਕੀਤੀ। ਪਟੇਲ ਨੇ ਆਪਣੇ ਕਰੀਅਰ ਵਿਚ ਵੱਡੀ ਪੁਲਾਂਘ ਉਦੋਂ ਪੁੱਟੀ ਜਦੋਂ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਪੈਂਟਾਗਨ ਵਿੱਚ ਚੀਫ਼ ਆਫ਼ ਸਟਾਫ਼ ਅਤੇ ਨੈਸ਼ਨਲ ਇੰਟੈਲੀਜੈਂਸ ਦੇ ਡਿਪਟੀ ਡਾਇਰੈਕਟਰ ਬਣੇ।

ਉਂਝ ਪਟੇਲ ਵੱਲੋਂ ਹਲਫ਼ ਲੈਣ ਤੋਂ ਕੁਝ ਮਿੰਟ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਟੇਲ ਦੀ ਇਹ ਕਹਿੰਦਿਆਂ ਪ੍ਰਸ਼ੰਸਾ ਕੀਤੀ ਕਿ ‘‘ਪਟੇਲ ‘ਸ਼ਾਇਦ ਹੁਣ ਤੱਕ ਦੇ ਸਭ ਤੋਂ ਵਧੀਆ’ ਐੱਫਬੀਆਈ ਡਾਇਰੈਕਟਰ ਵਜੋਂ ਯਾਦ ਕੀਤੇ ਜਾਣਗੇ।’’

Share: