ਕਠੂਆ ਤੇ ਬਾਰਾਮੂਲਾ ਘਟਨਾਵਾਂ ਦੀ ਨਿਆਂਇਕ ਜਾਂਚ ਹੋਵੇ: ਇਲਤਿਜ਼ਾ

ਕਠੂਆ ਤੇ ਬਾਰਾਮੂਲਾ ਘਟਨਾਵਾਂ ਦੀ ਨਿਆਂਇਕ ਜਾਂਚ ਹੋਵੇ: ਇਲਤਿਜ਼ਾ

ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਆਗੂ ਇਲਤਿਜ਼ਾ ਮੁਫ਼ਤੀ ਨੇ ਅੱਜ ਮੰਗ ਕੀਤੀ ਕਿ ਕਠੂਆ ਤੇ ਬਾਰਾਮੂਲਾ ’ਚ ਵਾਪਰੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਦੋ ਕਥਿਤ ਘਟਨਾਵਾਂ ਦੀ ਨਿਆਂਇਕ ਜਾਂਚ ਕੀਤੀ ਜਾਵੇ। ਉਨ੍ਹਾਂ ਅੱਜ ਹਾਲ ਹੀ ਵਿੱਚ ਪੁਲੀਸ ਦੇ ਕਥਿਤ ਤਸ਼ੱਦਦ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਇੱਕ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜੰਮੂ ਸਥਿਤ ਪਾਰਟੀ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਨੂੰ ਵੀ ਸੰਬੋਧਨ ਕਰਨਾ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਸਰਕਟ ਹਾਊਸ ਤੋਂ ਬਾਹਰ ਨਾ ਜਾਣ ਦਿੱਤਾ। ਇਸ ਤੋਂ ਇੱਕ ਦਿਨ ਪਹਿਲਾਂ ਇਲਤਿਜ਼ਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਮਾਂ ਮਹਿਬੂਬਾ ਮੁਫ਼ਤੀ ਨੂੰ ਸ੍ਰੀਨਗਰ ’ਚ ਘਰ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ। ਕਠੂਆ ਦੇ ਬਿਲਾਵਾਰ ਖੇਤਰ ਤੋਂ ਗੁੱਜਰ ਪਰਿਵਾਰ ਨਾਲ ਸਬੰਧਤ ਮਾਖਨ ਦੀਨ (25) ਨਾਂ ਦੇ ਨੌਜਵਾਨ ਨੇ ਮੰਗਲਵਾਰ ਸ਼ਾਮ ਨੂੰ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਸੀ। ਉਸ ਨੇ ਖੁਦਕੁਸ਼ੀ ਤੋਂ ਪਹਿਲਾਂ ਬਣਾਈ ਆਪਣੀ ਵੀਡੀਓ ’ਚ ਖੁਦ ਨੂੰ ਬੇਕਸੂਰ ਦੱਸਿਆ ਸੀ। ਇਲਤਿਜ਼ਾ ਨੇ ਕਿਹਾ, ‘ਮੈਂ ਮੰਗ ਕਰਦੀ ਹਾਂ ਕਿ ਕਠੂਆ ਤੇ ਬਾਰਮੂਲਾ ’ਚ ਵਾਪਰੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਦੋਵੇਂ ਘਟਨਾਵਾਂ ਦੀ ਨਿਆਂਇਕ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ, ‘ਜਿੱਥੇ ਤੱਕ ਕਠੂਆ ਮਾਮਲੇ ਦੀ ਗੱਲ ਹੈ ਤਾਂ ਸਥਾਨਕ ਐੱਸਐੱਚਓ ਜਿਤੇਂਦਰ ਸਿੰਘ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ।’

ਇਲਤਿਜ਼ਾ ਨੂੰ ਰੋਕੇ ਜਾਣ ਦੀ ਮਹਿਬੂਬਾ ਨੇ ਕੀਤੀ ਆਲੋਚਨਾ

ਸ੍ਰੀਨਗਰ: ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਆਪਣੀ ਧੀ ਤੇ ਪਾਰਟੀ ਆਗੂ ਇਲਤਿਜ਼ਾ ਮੁਫ਼ਤੀ ਨੂੰ ਜੰਮੂ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਤੋਂ ਰੋਕੇ ਜਾਣ ਲਈ ਅਧਿਕਾਰੀਆਂ ਦੀ ਆਲੋਚਨਾ ਕੀਤੀ ਹੈ। ਮਹਿਸੂਬਾ ਨੇ ਐਕਸ ’ਤੇ ਕਿਹਾ, ‘ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣਾ ਅਤੇ ਉਨ੍ਹਾਂ ਨੂੰ ਧਰਵਾਸ ਦੇਣਾ ਹੁਣ ਅਪਰਾਧ ਬਣਾ ਦਿੱਤਾ ਗਿਆ ਹੈ। ਇਹ ਪੁਲੀਸ ਦੀਆਂ ਨਵੀਆਂ ਕਾਰਵਾਈਆਂ ਤੋਂ ਸਪੱਸ਼ਟ ਹੈ ਜਿਨ੍ਹਾਂ ਇਲਤਿਜ਼ਾ ਨੂੰ ਜੰਮੂ ਦੇ ਸਰਕਟ ਹਾਊਸ ਤੋਂ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਨੂੰ ਇਸ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਨ ਤੋਂ ਰੋਕਿਆ ਹੈ।’

Share: