ਜਬਲਪੁਰ : ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਪ੍ਰਯਾਗਰਾਜ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਜੀਪ ਨੇ ਇੱਕ ਨਿੱਜੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਜਬਲਪੁਰ ਦੇ ਕਲੈਕਟਰ ਦੀਪਕ ਸਕਸੈਨਾ ਨੇ ਦੱਸਿਆ ਕਿ ਇਹ ਘਟਨਾ ਖਿਟੌਲਾ ਪੁਲੀਸ ਸਟੇਸ਼ਨ ਦੀ ਸੀਮਾ ਦੇ ਅਧੀਨ ਪਹਿਰੇਵਾ ਪਿੰਡ ਨੇੜੇ ਵਾਪਰੀ ਜਦੋਂ ਕਰਨਾਟਕ-ਰਜਿਸਟਰਡ ਜੀਪ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਵਾਪਸ ਆ ਰਹੀ ਸੀ। ਜੀਪ ਚਾਲਕ ਨੇ ਆਪਣਾ ਸੰਤੁਲਨ ਗੁਆ ਦਿੱਤਾ ਜਿਸਦੇ ਨਤੀਜੇ ਵਜੋਂ ਵਾਹਨ ਪਹਿਲਾਂ ਸੜਕ ਦੇ ਡਿਵਾਈਡਰ ਅਤੇ ਇੱਕ ਦਰੱਖਤ ਨਾਲ ਟਕਰਾ ਗਿਆ, ਫਿਰ ਹਾਈਵੇਅ ਦੇ ਦੂਜੇ ਪਾਸੇ ਜਾ ਕੇ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਵਿਚ ਛੇ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਦੋ ਹੋਰਾਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਸਿਹੋਰਾ ਕਸਬੇ ਵਿੱਚ ਮੈਡੀਕਲ ਸਹੂਲਤ ਦੇਣ ਤੋਂ ਬਾਅਦ ਜਬਲਪੁਰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੀੜਤ ਪ੍ਰਯਾਗਰਾਜ ਤੋਂ ਵਾਪਸ ਆ ਰਹੇ ਸਨ ਅਤੇ ਜਬਲਪੁਰ ਦੇ ਰਸਤੇ ਕਰਨਾਟਕ ਵੱਲ ਜਾ ਰਹੇ ਸਨ। ਕੁਝ ਦੇਰ ਰੁਕਣ ਤੋਂ ਬਾਅਦ ਬੱਸ ਡਰਾਈਵਰ ਆਪਣੇ ਵਾਹਨ ਸਮੇਤ ਮੌਕੇ ਤੋਂ ਰਵਾਨਾ ਹੋ ਗਿਆ, ਇੱਕ ਅਧਿਕਾਰੀ ਨੇ ਕਿਹਾ ਕਿ ਬੱਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।