ਜੰਡਿਆਲਾ ਗੁਰੂ ’ਚ ਗੋਲੀਆਂ ਚੱਲੀਆਂ, ਨਾਬਾਲਗ ਜ਼ਖ਼ਮੀ

ਜੰਡਿਆਲਾ ਗੁਰੂ ’ਚ ਗੋਲੀਆਂ ਚੱਲੀਆਂ, ਨਾਬਾਲਗ ਜ਼ਖ਼ਮੀ

ਜੰਡਿਆਲਾ ਗੁਰੂ : ਇਥੇ ਗਊਸ਼ਾਲਾ ਰੋਡ ’ਤੇ ਸ਼ਮਸ਼ਾਨਘਾਟ ਦੇ ਬਾਹਰ ਕੁਝ ਹਮਲਾਵਰਾਂ ਨੇ ਲੜਕੇ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਬੀਤੀ ਦੇਰ ਰਾਤ ਵੀ ਮੁਹੱਲਾ ਸ਼ੇਖੂਪੁਰਾ ਵਿੱਚ ਕੁਝ ਹਮਲਾਵਰਾਂ ਨੇ ਇੱਕ ਵਿਅਕਤੀ ’ਤੇ ਗੋਲੀਆਂ ਚਲਾਈਆਂ ਸਨ। ਅੱਜ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜ਼ਖ਼ਮੀ ਦੀ ਮਾਤਾ ਨੇ ਦੱਸਿਆ ਉਸ ਦਾ ਲੜਕਾ ਅਕਾਸ਼ਦੀਪ (17) ਬਾਜ਼ਾਰ ਤੋਂ ਘਰ ਪਰਤ ਰਿਹਾ ਸੀ ਤਾਂ ਘਰ ਨਜ਼ਦੀਕ ਹੀ ਦੋ ਮੋਟਰਸਾਈਕਲਾਂ ’ਤੇ ਸਵਾਰ ਪੰਜ ਹਮਲਾਵਰਾਂ ਨੇ ਉਸ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲੇ ਦੌਰਾਨ ਇੱਕ ਗੋਲੀ ਉਸ ਦੇ ਪੈਰ ਵਿੱਚ ਵੱਜੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਵੀ ਇੱਟਾਂ ਰੋੜਿਆਂ ਨਾਲ ਹਮਲਾਵਰਾਂ ’ਤੇ ਹੱਲਾ ਬੋਲ ਦਿੱਤਾ ਤੇ ਉਹ ਆਪਣਾ ਮੋਟਰਸਾਈਕਲ ਸੁੱਟ ਕੇ ਭੱਜ ਗਏ। ਜ਼ਖ਼ਮੀ ਅਕਾਸ਼ਦੀਪ ਦੀ ਮਾਤਾ ਨੇ ਦੱਸਿਆ ਕਰੀਬ ਸਾਲ ਪਹਿਲਾਂ ਇਸੇ ਥਾਂ ’ਤੇ ਅਕਾਸ਼ਦੀਪ ਦੇ ਪਿਤਾ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਡੀਐੱਸਪੀ ਧਰਮਿੰਦਰ ਕਲਿਆਣ ਨੇ ਕਿਹਾ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਬੀਤੀ ਰਾਤ ਹੋਈ ਫਾਇਰਿੰਗ ਬਾਰੇ ਉਨ੍ਹਾਂ ਕਿਹਾ ਕਿ ਕੇਸ ਦਰਜ ਕਰ ਲਿਆ ਗਿਆ ਹੈ, ਦੋ ਧਿਰਾਂ ਦੀ ਆਪਸੀ ਰੰਜਿਸ਼ ਕਾਰਨ ਰਾਤ ਦੀ ਘਟਨਾ ਵਾਪਰੀ ਸੀ।

 

Share: