ਯਰੂਸ਼ਲਮ : ਇਜ਼ਰਾਈਲ ਤੇ ਹਮਾਸ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਬਦਲੇ ਮ੍ਰਿਤਕ ਬੰਧਕਾਂ ਦੀਆਂ ਲਾਸ਼ਾਂ ਦੇ ਆਦਾਨ ਪ੍ਰਦਾਨ ਬਾਰੇ ਉਨ੍ਹਾਂ ਦੀ ਸਹਿਮਤੀ ਬਣ ਗਈ ਹੈ। ਇਸ ਨਾਲ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਅਜੇ ਕੁਝ ਹੋਰ ਦਿਨਾਂ ਲਈ ਬਰਕਰਾਰ ਰਹਿਣ ਦੀ ਸੰਭਾਵਨਾ ਹੈ।
ਇਜ਼ਰਾਈਲ ਸ਼ਨਿੱਚਰਵਾਰ ਤੋਂ 600 ਫਲਸਤੀਨੀ ਕੈਦੀਆਂ ਦੀ ਰਿਹਾਈ ਵਿਚ ਦੇਰੀ ਕਰ ਰਿਹਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਹਮਾਸ ਨੇ ਰਿਹਾਈ ਮੌਕੇ ਬੰਧਕਾਂ ਨਾਲ ਬਦਸਲੂਕੀ ਕੀਤੀ। ਉਧਰ ਦਹਿਸ਼ਤੀ ਸਮੂਹ ਹਮਾਸ ਨੇ ਕਿਹਾ ਕਿ ਕੈਦੀਆਂ ਦੀ ਰਿਹਾਈ ਵਿਚ ਦੇਰੀ ਉਨ੍ਹਾਂ ਵਿਚਾਲੇ ਜੰਗਬੰਦੀ ਸਮਝੌਤੇ ਦੀ ‘ਵੱਡੀ ਉਲੰਘਣਾ’ ਹੈ ਅਤੇ ਜਦੋਂ ਤੱਕ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਦੂਜੇ ਗੇੜ ਦੀ ਗੱਲਬਾਤ ਮੁਮਕਿਨ ਨਹੀਂ ਹੈ। ਦੋਵਾਂ ਧਿਰਾਂ ਵਿਚ ਬਣੇ ਜਮੂਦ ਕਰਕੇ ਜੰਗਬੰਦੀ ਦੇ ਨਾਕਾਮ ਰਹਿਣ ਦਾ ਖਦਸ਼ਾ ਹੈ। ਜੰਗਬੰਦੀ ਕਰਾਰ ਦੇ ਛੇ ਹਫ਼ਤਿਆਂ ਦੇ ਪਹਿਲੇ ਗੇੜ ਦੀ ਮਿਆਦ ਇਸ ਹਫ਼ਤੇ ਦੇ ਅਖੀਰ ਵਿਚ ਖ਼ਤਮ ਹੋਣੀ ਹੈ, ਪਰ ਮੰਗਲਵਾਰ ਦੇਰ ਰਾਤ ਹਮਾਸ ਨੇ ਕਿਹਾ ਕਿ ਜਥੇਬੰਦੀ ਦੇ ਸਿਖਰਲੇ ਸਿਆਸੀ ਅਧਿਕਾਰੀ ਖਲੀਲ ਅਲ-ਹੱਈਆ ਦੀ ਪ੍ਰਧਾਨਗੀ ਵਿਚ ਇਕ ਵਫ਼ਦ ਨੇ ਮਿਸਰ ਦੀ ਫੇਰੀ ਦੌਰਾਨ ਵਿਵਾਦ ਨੂੰ ਸੁਲਝਾਉਣ ਲਈ ਸਮਝੌਤਾ ਕੀਤਾ ਸੀ।