ਜੈਪੁਰ : ਰਾਜਸਥਾਨ ਵਿਧਾਨ ਸਭਾ ਵਿੱਚ ਅੱਜ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਅਵਿਨਾਸ਼ ਗਹਿਲੋਤ ਦੀਆਂ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਖ਼ਿਲਾਫ਼ ਟਿੱਪਣੀ ਤੇ ਵਿਰੋਧੀ ਧਿਰ ਕਾਂਗਰਸ ਦੇ ਛੇ ਵਿਧਾਇਕਾਂ ਦੀ ਮੁਅੱਤਲੀ ਦੇ ਮੁੱਦੇ ’ਤੇ ਸਦਨ ਵਿੱਚ ਵਾਰ-ਵਾਰ ਅੜਿੱਕਾ ਪੈਣ ਮਗਰੋਂ ਕਾਰਵਾਈ ਚੌਥੀ ਵਾਰ ਮੁਲਤਵੀ ਕੀਤੀ ਗਈ। ਵਿਧਾਨ ਸਭਾ ਵਿੱਚ ਜਾਰੀ ਅੜਿੱਕੇ ਦਰਮਿਆਨ ਕਾਂਗਰਸ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਦਾ ਬਾਈਕਾਟ ਕੀਤਾ। ਕਾਂਗਰਸ ਨੇ ਮੰਤਰੀ ਤੋਂ ਮੁਆਫ਼ੀ ਮੰਗਣ ਅਤੇ ਵਿਧਾਇਕਾਂ ਦੀ ਮੁਅੱਤਲੀ ਵਾਪਸ ਲੈਣ ਦੀ ਮੰਗ ਕਰਦਿਆਂ ਵਿਧਾਨ ਸਭਾ ਭਵਨ ਕੋਲ ਵਿਰੋਧ ਪ੍ਰਦਰਸ਼ਨ ਕੀਤਾ।
ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਹੋਣ ਮਗਰੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਜੋਗਾਰਾਮ ਪਟੇਲ ਅਤੇ ਹੋਰ ਆਗੂਆਂ ਨੇ ਮੁੱਦੇ ਨੂੰ ਸੁਲਝਾਉਣ ਲਈ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਜਮੂਦ ਤੋੜਨ ਸਬੰਧੀ ਆਮ ਸਹਿਮਤੀ ਬਣੀ। ਇਸ ਸਹਿਮਤੀ ਦੇ ਬਾਵਜੂਦ ਸਦਨ ਦੀ ਕਾਰਵਾਈ ਠੱਪ ਰਹੀ ਕਿਉਂਕਿ ਵਿਧਾਇਕ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਸਪੀਕਰ ਵਾਸੂਦੇਵ ਦੇਵਨਾਨੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਜੋਗਾਰਾਮ ਵੱਲੋਂ ਸਦਨ ਵਿੱਚ ਦਿੱਤੇ ਗਏ ਜਵਾਬ ਤੋਂ ਸੰਤੁਸ਼ਟ ਨਹੀਂ ਸਨ। ਬਾਅਦ ਵਿੱਚ ਵਿਰੋਧੀ ਧਿਰ ਕਾਂਗਰਸ ਨੇ ਪੂਰਾ ਦਿਨ ਸਦਨ ਦੀ ਕਾਰਵਾਈ ਦਾ ਬਾਈਕਾਟ ਕਰ ਦਿੱਤਾ। ਅੱਜ ਸਦਨ ਦੀ ਕਾਰਵਾਈ ਚਾਰ ਵਾਰ ਮੁਲਤਵੀ ਕੀਤੀ ਗਈ।
ਪਟੇਲ ਨੇ ਕਿਹਾ ਕਿ ਗੋਵਿੰਦ ਸਿੰਘ ਨੂੰ ਸਦਨ ਵਿੱਚ ਆਪਣੇ ਵਿਹਾਰ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ’ਤੇ ਕਾਂਗਰਸ ਨੇਤਾ ਨੇ ਕਿਹਾ ਕਿ ਉਹ ਮੰਤਰੀ ਅਵਿਨਾਸ਼ ਗਹਿਲੋਤ ਦੇ ਮੁਆਫ਼ੀ ਮੰਗਣ ਮਗਰੋਂ ਹੀ ਸਦਨ ਵਿੱਚ ਮੁਆਫ਼ੀ ਮੰਗਣਗੇ। ਉਨ੍ਹਾਂ ਦੇ ਜਵਾਬ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਸਪੀਕਰ ਨੇ ਸਦਨ ਦੀ ਕਾਰਵਾਈ ਚੌਥੀ ਵਾਰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ।
ਇਸ ਤੋਂ ਪਹਿਲਾਂ ਕਾਰਵਾਈ ਤੀਸਰੀ ਵਾਰ ਮੁਲਤਵੀ ਹੋਣ ਮਗਰੋਂ ਜਦੋਂ ਸਦਨ ਮੁੜ ਜੁੜਿਆ ਤਾਂ ਮੁਅੱਤਲ ਛੇ ਵਿਧਾਇਕਾਂ ਨੂੰ ਛੱਡ ਕੇ ਕਾਂਗਰਸ ਦੇ ਸਾਰੇ ਵਿਧਾਇਕ ਆਪਣੀਆਂ ਸੀਟਾਂ ’ਤੇ ਆਏ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਟੀਕਾਰਾਮ ਜੂਲੀ ਨੇ ਕਿਹਾ ਕਿ ਸਦਨ ਵਿੱਚ ਜੋ ਕੁੱਝ ਵੀ ਹੋਇਆ ਉਹ ਮੰਦਭਾਗਾ ਹੈ।
ਕਾਂਗਰਸੀ ਵਰਕਰਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ
ਜੈਪੁਰ: ਕਾਂਗਰਸ ਨੇ ਰਾਜਸਥਾਨ ਦੇ ਮੰਤਰੀ ਅਵਿਨਾਸ਼ ਗਹਿਲੋਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖ਼ਿਲਾਫ਼ ਕੀਤੀ ਟਿੱਪਣੀ ਦੇ ਵਿਰੋਧ ਅੱਜ ਵਿਧਾਨ ਸਭਾ ਭਵਨ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਸੀ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਧਾਨ ਸਭਾ ਵੱਲ ਵਧਣ ਤੋਂ ਰੋਕ ਦਿੱਤਾ। ਸੰਸਦ ਮੈਂਬਰ ਹਰੀਸ਼ ਮੀਨਾ ਤੇ ਮੁਰਾਰੀ ਮੀਨਾ, ਸਾਬਕਾ ਮੰਤਰੀ ਬੀਡੀ ਕੱਲਾ ਅਤੇ ਕਈ ਹੋਰ ਸੀਨੀਅਰ ਆਗੂਆਂ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਉਨ੍ਹਾਂ ਕੈਬਨਿਟ ਮੰਤਰੀ ਅਵਿਨਾਸ਼ ਗਹਿਲੋਤ ਤੋਂ ਮਰਹੂਮ ਇੰਦਰਾ ਗਾਂਧੀ ਬਾਰੇ ਕੀਤੀ ਟਿੱਪਣੀ ਲਈ ਮੁਆਫ਼ੀ ਮੰਗਣ ਦੀ ਮੰਗ ਕੀਤੀ।