ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਮਗਰੋਂ ਐਲਾਨ ਕੀਤਾ ਕਿ ਭਾਰਤ ਵਪਾਰਕ ਘਾਟੇ ਅਮਰੀਕਾ ਤੋਂ ਵਧੇਰੇ ਤੇਲ,ਗੈਸ ਅਤੇ F-35 ਲੜਾਕੂ ਜਹਾਜ਼ਾਂ ਸਣੇ ਫ਼ੌਜੀ ਸਾਜ਼ੋ ਸਾਮਾਨ ਖਰੀਦੇਗਾ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਐਲਾਨ ਕੀਤਾ ਕਿ ਭਾਰਤ ਵਪਾਰਕ ਘਾਟੇ ਨੂੰ ਘਟਾਉਣ ਲਈ ਅਮਰੀਕਾ ਤੋਂ ਹੋਰ ਤੇਲ, ਗੈਸ ਅਤੇ F-35 ਲੜਾਕੂ ਜਹਾਜ਼ਾਂ ਸਣੇ ਫੌਜੀ ਹਾਰਡਵੇਅਰ ਖਰੀਦੇਗਾ। ਟਰੰਪ ਨੇ ਹਾਲਾਂਕਿ ਜ਼ੋਰ ਦੇ ਕੇ ਆਖਿਆ ਕਿ ਵਾਸ਼ਿੰਗਟਨ ਨਵੀਂ ਦਿੱਲੀ ਨੂੰ ਪਰਸਪਰ ਟੈਰਿਫ ਤੋਂ ਨਹੀਂ ਬਖਸ਼ੇਗਾ।
ਟਰੰਪ ਨੇ ਵੀਰਵਾਰ (ਸ਼ੁੱਕਰਵਾਰ ਭਾਰਤੀ ਸਮੇਂ ਅਨੁਸਾਰ) ਨੂੰ ਵ੍ਹਾਈਟ ਹਾਊਸ ਸਥਿਤ ਆਪਣੇ ਓਵਲ ਦਫ਼ਤਰ ਵਿੱਚ ਮੋਦੀ ਦਾ ਨਿੱਘਾ ਸਵਾਗਤ ਕੀਤਾ। ਊਨ੍ਹਾਂ ਅੱਗੇ ਹੋ ਕੇ ਹੱਥ ਮਿਲਾਇਆ ਤੇ ਪ੍ਰਧਾਨ ਮੰਤਰੀ ਨੂੰ ‘ਮਹਾਨ ਦੋਸਤ’ ਤੇ ‘ਸ਼ਾਨਦਾਰ’ ਆਦਮੀ ਦੱਸਿਆ।
ਅਮਰੀਕੀ ਰਾਸ਼ਟਰਪਤੀ ਨੇ ਗੱਲਬਾਤ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਾਲ ਇੱਕ ਸਾਂਝੀ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਦੋਵੇਂ ਧਿਰਾਂ ਜਲਦੀ ਹੀ ਇੱਕ ਵੱਡਾ ਵਪਾਰਕ ਸਮਝੌਤਾ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ। ਟਰੰਪ ਨੇ ਭਾਰਤ ਵੱਲੋਂ ਕੁਝ ਅਮਰੀਕੀ ਉਤਪਾਦਾਂ ’ਤੇ ਲਗਾਈਆਂ ਗਈਆਂ ਦਰਾਮਦ ਡਿਊਟੀਆਂ ਨੂੰ ‘ਬਹੁਤ ਹੀ ਗੈਰਵਾਜਬ’ ਅਤੇ ‘ਸਖ਼ਤ’ ਦੱਸਿਆ।
ਟਰੰਪ ਨੇ ਕਿਹਾ, ‘‘ਭਾਰਤ ਜੋ ਵੀ ਟੈਕਸ ਲਾਏਗਾ, ਅਸੀਂ ਉਨ੍ਹਾਂ ਤੋਂ ਟੈਕਸ ਲਵਾਂਗੇ।’’ ਅਮਰੀਕੀ ਸਦਰ ਨੇ ਕਿਹਾ, ‘‘ਅਸੀਂ ਭਾਰਤ ਨਾਲ ਪਰਸਪਰ ਵਿਵਹਾਰ ਕਰ ਰਹੇ ਹਾਂ।’’ ਮੋਦੀ-ਟਰੰਪ ਦੀ ਇਹ ਮੁਲਾਕਾਤ ਅਮਰੀਕਾ ਵੱਲੋਂ ਸਾਰੇ ਵਪਾਰਕ ਭਾਈਵਾਲਾਂ ਲਈ ਇੱਕ ਨਵੀਂ ਪਰਸਪਰ ਟੈਰਿਫ ਨੀਤੀ ਐਲਾਨੇ ਜਾਣ ਤੋਂ ਕੁਝ ਘੰਟੇ ਬਾਅਦ ਹੋਈ।
ਟਰੰਪ ਨੇ ਆਪਣੀਆਂ ਟਿੱਪਣੀਆਂ ਵਿੱਚ ਕਿਹਾ ਕਿ ਉਹ ਅਤੇ ਪ੍ਰਧਾਨ ਮੰਤਰੀ ਮੋਦੀ ਇੱਕ ਸਮਝੌਤੇ ‘ਤੇ ਪਹੁੰਚੇ ਹਨ ਜੋ ਸੰਭਾਵੀ ਤੌਰ ’ਤੇ ਅਮਰੀਕਾ ਨੂੰ ਭਾਰਤ ਨੂੰ ਤੇਲ ਅਤੇ ਗੈਸ ਦਾ ‘ਨੰਬਰ ਇੱਕ ਸਪਲਾਇਰ’ ਬਣਾ ਸਕਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਹ ਭਾਰਤ ਨਾਲ ਅਮਰੀਕਾ ਦੇ ਵਪਾਰਕ ਘਾਟੇ ਨੂੰ ਘਟਾਉਣ ਦੇ ਉਪਰਾਲਿਆਂ ਦਾ ਹਿੱਸਾ ਹੈ ਜੋ ਕਿ ਕਰੀਬ 45 ਬਿਲੀਅਨ ਅਮਰੀਕੀ ਡਾਲਰ ਹੈ।
ਟਰੰਪ ਨੇ ਇਹ ਐਲਾਨ ਵੀ ਕੀਤਾ ਕਿ ਭਾਰਤ ਅਤੇ ਅਮਰੀਕਾ ਦੁਨੀਆ ਭਰ ਵਿੱਚ ਕੱਟੜਪੰਥੀ ਇਸਲਾਮੀ ਅਤਿਵਾਦ ਦੇ ਖ਼ਤਰੇ ਦਾ ਸਾਹਮਣਾ ਕਰਨ ਲਈ ਇਕੱਠੇ ਕੰਮ ਕਰਨਗੇ, ਜੋ ‘ਪਹਿਲਾਂ ਕਦੇ ਨਹੀਂ ਹੋਇਆ।’ ਟਰੰਪ ਨੇ 26/11 ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੇ ਪ੍ਰਸ਼ਾਸਨ ਨੇ ਦੁਨੀਆ ਦੇ ਸਭ ਤੋਂ ਬੁਰੇ ਲੋਕਾਂ ਵਿੱਚੋਂ ਇੱਕ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈੇ।’’
ਰਾਣਾ, ਜੋ ਇਸ ਸਮੇਂ ਲਾਸ ਏਂਜਲਸ ਦੇ ਇੱਕ ਮੈਟਰੋਪੋਲੀਟਨ ਹਿਰਾਸਤ ਕੇਂਦਰ ਵਿੱਚ ਨਜ਼ਰਬੰਦ ਹੈ, ਨੂੰ ਪਾਕਿਸਤਾਨੀ-ਅਮਰੀਕੀ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਨਾਲ ਜੋੜਿਆ ਜਾਂਦਾ ਹੈ, ਜੋ ਕਿ 26/11 ਅਤਿਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ। ਟਰੰਪ ਨੇ ਕਿਹਾ, ‘‘”ਉਹ ਨਿਆਂ ਦਾ ਸਾਹਮਣਾ ਕਰਨ ਲਈ ਭਾਰਤ ਵਾਪਸ ਜਾ ਰਿਹਾ ਹੈ,” ਟਰੰਪ ਨੇ ਕਿਹਾ,‘‘ਅਸੀਂ ਉਸ ਨੂੰ ਫੌਰੀ ਭਾਰਤ ਵਾਪਸ ਭੇਜ ਰਹੇ ਹਾਂ ਅਤੇ ਇਸ ਤਰ੍ਹਾਂ ਦੀਆਂ ਹੋਰ ਹਵਾਲਗੀਆਂ ਵੀ ਹੋ ਸਕਦੀਆਂ ਹਨ ਕਿਉਂਕਿ ਸਾਡੇ ਕੋਲ (ਨਵੀਂ ਦਿੱਲੀ ਤੋਂ) ਕਾਫ਼ੀ ਬੇਨਤੀਆਂ ਹਨ।’’
ਅਮਰੀਕੀ ਰਾਸ਼ਟਰਪਤੀ ਨੇ ਸਿਵਲ-ਪ੍ਰਮਾਣੂ ਊਰਜਾ ਖੇਤਰ ਵਿੱਚ ਭਾਰਤ-ਅਮਰੀਕਾ ਸਹਿਯੋਗ ਵਿੱਚ ਸਕਾਰਾਤਮਕ ਰਫ਼ਤਾਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਭਾਰਤੀ ਬਾਜ਼ਾਰ ਵਿੱਚ ਅਮਰੀਕੀ ਪ੍ਰਮਾਣੂ ਤਕਨਾਲੋਜੀ ਦਾ ਸਵਾਗਤ ਕਰਨ ਲਈ ਭਾਰਤ ਕਾਨੂੰਨਾਂ ਵਿੱਚ ਵੀ ਸੁਧਾਰ ਕਰ ਰਿਹਾ ਹੈ।’’
ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਸਹਿਯੋਗ ਇੱਕ ਬਿਹਤਰ ਦੁਨੀਆ ਨੂੰ ਆਕਾਰ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਦਹਾਕੇ ਲਈ ਇੱਕ ਰੱਖਿਆ ਸਹਿਯੋਗ ਢਾਂਚਾ ਤਿਆਰ ਕੀਤਾ ਜਾਵੇਗਾ।
ਸ੍ਰੀ ਮੋਦੀ ਨੇ ਕਿਹਾ, ‘‘ਇੱਕ ਗੱਲ ਜਿਸ ਦੀ ਮੈਂ ਦਿਲੋਂ ਕਦਰ ਕਰਦਾ ਹਾਂ, ਅਤੇ ਮੈਂ ਰਾਸ਼ਟਰਪਤੀ ਟਰੰਪ ਤੋਂ ਸਿੱਖਦਾ ਹਾਂ, ਉਹ ਇਹ ਹੈ ਕਿ ਉਹ (ਅਮਰੀਕਾ ਦੇ) ਰਾਸ਼ਟਰੀ ਹਿੱਤ ਨੂੰ ਸਭ ਤੋਂ ਉੱਤੇ ਰੱਖਦੇ ਹਨ। ਉਨ੍ਹਾਂ ਵਾਂਗ, ਮੈਂ ਵੀ ਭਾਰਤ ਦੇ ਰਾਸ਼ਟਰੀ ਹਿੱਤ ਨੂੰ ਹਰ ਚੀਜ਼ ਤੋਂ ਉੱਪਰ ਰੱਖਦਾ ਹਾਂ।’’
ਕੀ ਗੱਲਬਾਤ ਵਿੱਚ ਕਾਰੋਬਾਰੀ ਗੌਤਮ ਅਡਾਨੀ ਨਾਲ ਸਬੰਧਤ ਮੁੱਦਾ ਸ਼ਾਮਲ ਸੀ ਬਾਰੇ ਪੁੱਛੇ ਜਾਣ ’ਤੇ ਸ੍ਰੀ ਮੋਦੀ ਨੇ ਕਿਹਾ, ‘‘ਭਾਰਤ ਇੱਕ ਲੋਕਤੰਤਰ ਹੈ ਅਤੇ ਸਾਡੀ ਸੰਸਕ੍ਰਿਤੀ ‘ਵਸੁਧੈਵ ਕੁਟੁੰਬਕਮ’ ਹੈ। ਅਸੀਂ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਮੰਨਦੇ ਹਾਂ। ਮੇਰਾ ਮੰਨਣਾ ਹੈ ਕਿ ਹਰ ਭਾਰਤੀ ਮੇਰਾ ਹੈ।’’ ਉਨ੍ਹਾਂ ਕਿਹਾ ਕਿ ਦੋ ਆਗੂਆਂ ਦਰਮਿਆਨ ਗੱਲਬਾਤ ਵਿੱਚ ਅਜਿਹੇ ਵਿਅਕਤੀਗਤ ਮਾਮਲਿਆਂ ’ਤੇ ਚਰਚਾ ਨਹੀਂ ਕੀਤੀ ਜਾਂਦੀ।
ਟਰੰਪ ਨੇ ਪੂਰਬੀ ਲੱਦਾਖ ਸਰਹੱਦੀ ਵਿਵਾਦ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਬੰਧਾਂ ਦੇ ਹਵਾਲੇ ਨਾਲ ‘ਟਕਰਾਅ’ ਨੂੰ ‘ਭੈੜਾ’ ਦੱਸਿਆ। ਉਨ੍ਹਾਂ ਕਿਹਾ, ‘‘ਮੈਂ ਸਰਹੱਦ ’ਤੇ ਟਕਰਾਅ ਦੇਖਦਾ ਹਾਂ ਜੋ ਕਾਫ਼ੀ ਭਿਆਨਕ ਹਨ… ਕਾਸ਼ ਜੇ ਮੈਂ ਮਦਦ ਕਰ ਸਕਦਾ।’’ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਚੀਨ, ਭਾਰਤ, ਰੂਸ ਅਤੇ ਅਮਰੀਕਾ – ਸਾਰੇ ਚੰਗੀ ਤਰ੍ਹਾਂ ਨਾਲ ਚੱਲ ਸਕਣ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਰੂਸ-ਯੂਕਰੇਨ ਟਕਰਾਅ ਬਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ। ਸ੍ਰੀ ਮੋਦੀ ਨੇ ਕਿਹਾ, ‘‘ਮੈਂ ਜੰਗ ਦੇ ਖ਼ਾਤਮੇ ਲਈ ਇੱਕ ਸੰਭਾਵੀ ਹੱਲ ਲੱਭਣ ਲਈ ਡੋਨਲਡ ਟਰੰਪ ਦੇ ਯਤਨਾਂ ਦੀ ਹਮਾਇਤ ਕਰਦਾ ਹਾਂ। ਕੁਲ ਆਲਮ ਮਹਿਸੂਸ ਕਰਦਾ ਹੈ ਕਿ ਭਾਰਤ ਯੁੱਧ ਦੌਰਾਨ ਨਿਰਪੱਖ ਰਿਹਾ ਹੈ। ਪਰ ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਭਾਰਤ ਨਿਰਪੱਖ ਨਹੀਂ ਰਿਹਾ ਬਲਕਿ ਸ਼ਾਂਤੀ ਦੇ ਪੱਖ ਵਿੱਚ ਰਿਹਾ ਹੈ।’’
ਸ੍ਰੀ ਮੋਦੀ ਨੇ ਕਿਹਾ, ‘‘ਜਦੋਂ ਮੈਂ ਰਾਸ਼ਟਰਪਤੀ ਪੂਤਿਨ ਨੂੰ ਮਿਲਿਆ ਸੀ, ਤਾਂ ਮੈਂ ਇਹ ਵੀ ਕਿਹਾ ਸੀ ਕਿ ‘ਇਹ ਜੰਗ ਦਾ ਯੁੱਗ ਨਹੀਂ ਹੈ।’ ਮੈਂ ਇਹ ਵੀ ਕਿਹਾ ਸੀ ਕਿ ਜੰਗ ਦੇ ਮੈਦਾਨ ਵਿੱਚ ਹੱਲ ਨਹੀਂ ਲੱਭੇ ਜਾ ਸਕਦੇ। ਇਹ ਉਦੋਂ ਹੀ ਆ ਸਕਦੇ ਹਨ ਜਦੋਂ ਸਾਰੀਆਂ ਧਿਰਾਂ ਗੱਲਬਾਤ ਦੀ ਮੇਜ਼ ’ਤੇ ਬੈਠਣ।’’ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ ਬਾਰੇ ਟਰੰਪ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਵਿਸ਼ਵ ਪੱਧਰ ’ਤੇ ਇਤਿਹਾਸ ਦੇ ‘ਸਭ ਤੋਂ ਵੱਡੇ ਵਪਾਰਕ ਮਾਰਗਾਂ’ ਵਿੱਚੋਂ ਇੱਕ ਦੇ ਨਿਰਮਾਣ ਵਿੱਚ ਮਦਦ ਲਈ ਕੰਮ ਕਰਨ ਵਾਸਤੇ ਸਹਿਮਤੀ ਦਿੱਤੀ ਹੈ।
ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼, ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗੈਬਾਰਡ, ਅਰਬਪਤੀ ਐਲਨ ਮਸਕ ਅਤੇ ਰਿਪਬਲਿਕਨ ਨੇਤਾ ਵਿਵੇਕ ਰਾਮਾਸਵਾਮੀ ਨਾਲ ਵੱਖੋ ਵੱਖਰੇ ਤੌਰ ’ਤੇ ਗੱਲਬਾਤ ਕੀਤੀ।