ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ’ਚ ਅੱਜ ਬਰਫਬਾਰੀ ਜਦਕਿ ਦਰਮਿਆਨੇ ਤੇ ਹੇਠਲੇ ਇਲਾਕਿਆਂ ’ਚ ਮੀਂਹ ਪਿਆ ਹੈ। ਇਹ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ। ਮੌਸਮ ਵਿਭਾਗ ਨੇ 27 ਤੇ 28 ਫਰਵਰੀ ਨੂੰ ਵੀ ਭਾਰੀ ਮੀਂਹ ਤੇ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੀਆਂ ਉੱਚੀਆਂ ਥਾਵਾਂ ’ਤੇ ਵੀ ਬਰਫਬਾਰੀ ਹੋਈ ਹੈ।
ਮੌਸਮ ਵਿਭਾਗ ਨੇ ਮੰਡੀ, ਕਾਂਗੜਾ, ਕੁੱਲੂ ਤੇ ਚੰਬਾ ਜ਼ਿਲ੍ਹਿਆਂ ਦੇ ਦੂਰ-ਦਰਾਜ ਦੇ ਇਲਾਕਿਆਂ ’ਚ 27 ਤੇ 28 ਫਰਵਰੀ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ‘ਸੰਤਰੀ’ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਊਨਾ, ਬਿਲਾਸਪੁਰ, ਹਮੀਰਪੁਰ ਤੇ ਸਿਰਮੌਰ ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈਣ ਤੇ ਠੰਢ ਵਧਣ ਦਾ ‘ਯੈਲੋ’ ਅਲਰਟ ਵੀ ਜਾਰੀ ਕੀਤਾ ਹੈ। ਵਿਭਾਗ ਨੇ ਲਾਹੌਲ-ਸਪਿਤੀ ’ਚ ਭਾਰੀ ਬਰਫ ਪੈਣ ਅਤੇ ਸ਼ਿਮਲਾ ’ਚ ਭਾਰੀ ਮੀਂਹ ਤੇ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ 2 ਮਾਰਚ ਤੋਂ ਇੱਕ ਹੋਰ ਪੱਛਮੀ ਗੜਬੜੀ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਰਾਤ ਸਮੇਂ ਮਨਫੀ 3.6 ਡਿਗਰੀ ਨਾਲ ਕੇਲਾਂਗ ਸਭ ਤੋਂ ਠੰਢਾ ਸਥਾਨ ਰਿਹਾ।