ਮੰਡੀ : ਭਾਰੀ ਬਰਫ਼ਬਾਰੀ ਨੇ ਲਾਹੌਲ ਘਾਟੀ ਨੂੰ ਹਿਮਾਚਲ ਪ੍ਰਦੇਸ਼ ਦੇ ਬਾਕੀ ਹਿੱਸੇ ਨਾਲੋਂ ਕੱਟ ਦਿੱਤਾ ਹੈ। ਬਰਫ਼ਬਾਰੀ ਕਰਕੇ ਮਨਾਲੀ-ਲੇਹ ਹਾਈਵੇਅ ਬੰਦ ਹੋ ਗਿਆ ਹੈ ਅਤੇ ਆਮ ਲੋਕ ਤੇ ਯਾਤਰੀ ਫਸ ਗਏ ਹਨ। ਅਟਲ ਸੁਰੰਗ ਦੇ ਉੱਤਰੀ ਪੋਰਟਲ ਨੂੰ ਕੇਲੌਂਗ-ਜਿਸਪਾ ਨਾਲ ਜੋੜਨ ਵਾਲੀ ਸੜਕ ’ਤੇ 60 ਸੈਂਟੀਮੀਟਰ ਤੱਕ ਬਰਫ਼ ਜਮ੍ਹਾਂ ਹੋ ਗਈ ਹੈ। ਲਾਹੌਲ-ਸਪਿਤੀ ਪੁਲੀਸ ਨੇ ਇਕ ਐਡਵਾਈਜ਼ਰੀ ਜਾਰੀ ਕਰਦਿਆਂ ਯਾਤਰੀਆਂ ਨੂੰ ਅਗਲੇ ਹੁਕਮਾਂ ਤੱਕ ਮਨਾਲੀ-ਲੇਹ ਰੂਟ ਵੱਲ ਨਾ ਜਾਣ ਤੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ। ਹਾਈਵੇਅ ਬੰਦ ਹੋਣ ਨਾਲ ਆਵਾਜਾਈ ’ਤੇ ਵੱਡਾ ਅਸਰ ਪਿਆ ਹੈ। ਵਾਹਨ ਚਾਲਕਾਂ ਅਤੇ ਸੈਲਾਨੀਆਂ ਨੂੰ ਆਪਣੀ ਯਾਤਰਾ ਅੱਗੇ ਪਾਉਣ ਦੀ ਸਲਾਹ ਦਿੱਤੀ ਗਈ ਹੈ।
ਲਾਹੌਲ-ਸਪਿਤੀ ਦੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਨੇ ਮੌਜੂਦਾ ਸਥਿਤੀ ਦੇ ਹਵਾਲੇ ਨਾਲ ਸਥਾਨਕ ਲੋਕਾਂ ਤੇ ਸੈਲਾਨੀਆਂ ਨੂੰ ਭਰੋਸਾ ਦਿਵਾਇਆ ਕਿ ਮੌਸਮ ਵਿੱਚ ਸੁਧਾਰ ਹੁੰਦੇ ਹੀ ਸੜਕ ਸੰਪਰਕ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ, ‘‘ਸਰਹੱਦੀ ਸੜਕ ਸੰਗਠਨ (BRO) ਅਤੇ ਲੋਕ ਨਿਰਮਾਣ ਵਿਭਾਗ (PWD) ਤਿਆਰ ਹਨ ਅਤੇ ਮੌਸਮ ਠੀਕ ਹੋਣ ’ਤੇ ਲਾਹੌਲ ਅਤੇ ਸਪਿਤੀ ਵਿੱਚ ਮੁੱਖ ਸੜਕਾਂ ਨੂੰ ਸਾਫ਼ ਕਰਨ ਲਈ ਆਪਣੇ ਕਰਮਚਾਰੀਆਂ ਅਤੇ ਮਸ਼ੀਨਰੀ ਨੂੰ ਤਾਇਨਾਤ ਕਰਨਗੇੇ’’
ਖਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਕਾਰਨ ਪੈਦਾ ਹੋਏ ਮੌਜੂਦਾ ਖ਼ਤਰੇ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਦੋਵਾਂ ਲਈ ਇੱਕ ਸਖ਼ਤ ਚੇਤਾਵਨੀ ਵੀ ਜਾਰੀ ਕੀਤੀ। ਉਨ੍ਹਾਂ ਖਾਸ ਕਰਕੇ ਉੱਚੀਆਂ ਪਹਾੜੀਆਂ ਵਾਲੇ ਖੇਤਰਾਂ ਵਿਚ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਹ ਖੇਤਰ ਬੇਮੌਸਮੀ ਲਈ ਜਾਣਿਆ ਜਾਂਦਾ ਹੈ, ਅਤੇ ਲੰਘੇ ਦਿਨੀਂ ਬਦਲੇ ਮੌਸਮ ਦੇ ਮਿਜ਼ਾਜ ਨੇ ਬਰਫ਼ਬਾਰੀ ਦੇ ਜੋਖਮ ਨੂੰ ਵਧਾ ਦਿੱਤਾ ਹੈ।