ਚੰਡੀਗੜ੍ਹ : ਹਰਿਆਣਾ ਸਰਕਾਰ ਨੇ 1990 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਅਨੁਰਾਗ ਰਸਤੋਗੀ ਨੂੰ Chief Secretary ਨਿਯੁਕਤ ਕੀਤਾ ਹੈ। ਸੂਬਾ ਸਰਕਾਰ ਨੇ ਰਸਤੋਗੀ ਨੂੰ ਵਿੱਤ ਅਤੇ ਪਲੈਨਿੰਗ ਵਿਭਾਗ ਦੀ ਵਾਧੂ ਜ਼ਿੰਮੇਵਾਰੀ ਵੀ ਦਿੱਤੀ ਹੈ। ਉਹ ਵਿਵੇਕ ਜੋਸ਼ੀ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਪਿਛਲੇ ਦਿਨੀਂ ਚੋਣ ਕਮਿਸ਼ਨਰ (EC) ਨਿਯੁਕਤ ਕੀਤਾ ਗਿਆ ਹੈ। ਨਾਇਬ ਸਿੰਘ ਸੈਣੀ ਸਰਕਾਰ ਨੇ ਇਸ ਸਬੰਧੀ ਬੁੱਧਵਾਰ ਦੇਰ ਰਾਤ ਆਦੇਸ਼ ਜਾਰੀ ਕੀਤੇ ਹਨ। ਹਰਿਆਣਾ ਦੇ ਨਵੇਂ ਮੁੱਖ ਸਕੱਤਰ ਅਨੁਰਾਗ ਰਸਤੋਗੀ ਅੱਜ ਆਪਣਾ ਅਹੁਦਾ ਸੰਭਾਲ ਸਕਦੇ ਹਨ। ਜ਼ਿਕਰਯੋਗ ਹੈ ਕਿ ਅਨੁਰਾਗ ਰਸਤੋਗੀ 30 ਜੂਨ ਨੂੰ ਸੇਵਾ ਮੁਕਤ ਹੋਣਗੇ।
ਪ੍ਰਾਪਤ ਜਾਣਕਾਰੀ ਅਨੁਰਾਗ ਰਸਤੋਗੀ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਸਾਲ 1990 ਵਿੱਚ ਆਈਏਐਸ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਡਿਊਟੀ ਜੁਆਇਨ ਕਰ ਲਈ ਸੀ। ਉਪਰੰਤ ਉਹ ਸਾਲ 1992 ਵਿੱਚ ਹਰਿਆਣਾ ਦੇ ਨਾਰਨੌਲ ਵਿੱਚ ਬਤੌਰ ਐਸਡੀਐਮ ਨਿਯੁਕਤ ਕੀਤੇ ਗਏ ਸਨ। ਉਸ ਤੋਂ ਬਾਅਦ ਉਨ੍ਹਾਂ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਤੌਰ ਡਿਪਟੀ ਕਮਿਸ਼ਨਰ ਅਤੇ ਹੋਰ ਕਈ ਸੀਨੀਅਰ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ।