ਜੀ-20 ਦੀ ਅਖੰਡਤਾ ਕਾਇਮ ਰੱਖਣ ’ਚ ਚੀਨ ਸਹਿਯੋਗ ਦੇਵੇ: ਜੈਸ਼ੰਕਰ

ਜੀ-20 ਦੀ ਅਖੰਡਤਾ ਕਾਇਮ ਰੱਖਣ ’ਚ ਚੀਨ ਸਹਿਯੋਗ ਦੇਵੇ: ਜੈਸ਼ੰਕਰ

ਨਵੀਂ ਦਿੱਲੀ/ਜੋਹੈਨਸਬਰਗ:  ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਵੰਡੇ ਹੋਏ ਆਲਮੀ ਹਾਲਾਤ ਦੌਰਾਨ ਭਾਰਤ ਅਤੇ ਚੀਨ ਨੂੰ ਰਲ ਕੇ ਜੀ-20 ਦੀ ਅਖੰਡਤਾ ਕਾਇਮ ਰੱਖਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਲਈ ਦੋਵੇਂ ਮੁਲਕਾਂ ਨੇ ਸਖ਼ਤ ਮਿਹਨਤ ਕੀਤੀ ਹੈ ਜੋ ਕੌਮਾਂਤਰੀ ਸਹਿਯੋਗ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ਨੇ ਅੱਜ ਜੋਹੈਨਸਬਰਗ ਵਿੱਚ ਮੁਲਾਕਾਤ ਕੀਤੀ ਜਿਸ ਦੌਰਾਨ ਭਾਰਤ-ਚੀਨ ਸਬੰਧਾਂ, ਸਰਹੱਦੀ ਖੇਤਰਾਂ ’ਚ ਸ਼ਾਂਤੀ ਕਾਇਮ ਕਰਨ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਦੀ ਬਹਾਲੀ ’ਤੇ ਵਿਚਾਰ-ਚਰਚਾ ਕੀਤੀ। ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਇਹ ਮੁਲਾਕਾਤ ਹੋਈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਦੱਸਿਆ ਕਿ ਇਹ ਮੀਟਿੰਗ ਲਗਪਗ ਅੱਧਾ ਘੰਟਾ ਚੱਲੀ। ਉਨ੍ਹਾਂ ਕਿਹਾ, ‘ਦੋਹਾਂ ਮੰਤਰੀਆਂ ਨੇ ਨਵੰਬਰ ਵਿੱਚ ਹੋਈ ਆਖਰੀ ਮੀਟਿੰਗ ਤੋਂ ਬਾਅਦ ਦੁਵੱਲੇ ਸਬੰਧਾਂ ’ਚ ਹੋਏ ਵਿਕਾਸ ਦੀ ਸਮੀਖਿਆ ਕੀਤੀ। ਇਸ ਦੌਰਾਨ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਕਾਇਮ ਕਰਨ, ਕੈਲਾਸ਼ ਮਾਨਸਰੋਵਰ ਯਾਤਰਾ ਦੀ ਮੁੜ ਸ਼ੁਰੂਆਤ ਅਤੇ ਯਾਤਰਾ ਸੁਵਿਧਾ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।’ ਉਨ੍ਹਾਂ ਕਿਹਾ ਕਿ ਜੀ-20 ਅਤੇ ਐੱਸਸੀਓ ’ਤੇ ਵੀ ਵਿਚਾਰਾਂ ਹੋਈਆਂ। -ਪੀਟੀਆਈ

‘ਜੀ-20 ਆਲਮੀ ਏਜੰਡੇ ਨੂੰ ਅੱਗੇ ਵਧਾਉਣ ਦੀ ਕੁੰਜੀ’

ਜੋਹੈਨਸਬਰਗ: ਮੌਜੂਦਾ ਭੂ-ਸਿਆਸੀ ਦ੍ਰਿਸ਼ਟੀਕੋਣ ਦੀਆਂ ਪੇਚੀਦਗੀਆਂ ਨੂੰ ਉਭਾਰਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਵਿਚਾਰਾਂ ਨੂੰ ਇਕਸੁਰ ਕਰਨ ਦੀ ਜੀ-20 ਦੀ ਸਮਰੱਥਾ ਆਲਮੀ ਏਜੰਡੇ ਨੂੰ ਅੱਗੇ ਵਧਾਉਣ ਦੀ ਕੁੰਜੀ ਹੈ। ਜੈਸ਼ੰਕਰ ਜੀ-20 ਵਿਚ ਵਿਦੇਸ਼ ਮੰਤਰੀਆਂ ਦੀ ਮੀਟਿੰਗ ’ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਦੇ ਦੋ ਰੋਜ਼ਾ ਦੌਰੇ ’ਤੇ ਹਨ। ‘ਆਲਮੀ ਭੂ-ਸਿਆਸੀ ਹਾਲਾਤ ’ਤੇ ਚਰਚਾ’ ਸਿਰਲੇਖ ਵਾਲੇ ਜੀ-20 ਸੈਸ਼ਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਜੀ-20 ਵਿਸ਼ਵ ਦੇ ਵਧ ਰਹੇ ਬਹੁ-ਧਰੁਵੀਕਰਨ ਦਾ ਅਹਿਮ ਪ੍ਰਗਟਾਵਾ ਹੈ। ਉਨ੍ਹਾਂ ਕਿਹਾ, ‘ਆਲਮੀ ਭੂ-ਸਿਆਸੀ ਹਾਲਾਤ ਹਰ ਪੱਖੋਂ ਮੁਸ਼ਕਲ ਬਣੇ ਹੋਏ ਹਨ। ਇਸ ਦੌਰਾਨ ਕੋਵਿਡ ਮਹਾਂਮਾਰੀ, ਟਕਰਾਅ ਦੀਆਂ ਸਥਿਤੀਆਂ, ਵਿੱਤੀ ਦਬਾਅ, ਖੁਰਾਕ ਸੁਰੱਖਿਆ ਅਤੇ ਜਲਵਾਯੂ ਸਬੰਧੀ ਚੁਣੌਤੀਆਂ ਬਣੀਆਂ ਹੋਈਆਂ ਹਨ।’ ਜੈਸ਼ੰਕਰ ਨੇ ਕਿਹਾ ਕਿ ਇਸ ਤੋਂ ਇਲਾਵਾ ਕੇਂਦਰਿਤ ਸਪਲਾਈ ਚੇਨਾਂ, ਵਪਾਰ ਅਤੇ ਵਿੱਤ ਨੂੰ ਹਥਿਆਰ ਵਜੋਂ ਵਰਤਣ ਅਤੇ ਡੇਟਾ ਪ੍ਰਵਾਹ ਦੀ ਪਾਰਦਰਸ਼ਤਾ ਬਾਰੇ ਵੀ ਚਿੰਤਾਵਾਂ ਹਨ।

Share: