ਮਾਛੀਵਾੜਾ : ਇਲਾਕੇ ਦੇ ਪਿੰਡ ਦੇ ਨੌਜਵਾਨ ਪ੍ਰਿਤਪਾਲ ਦੀ ਸ਼ਿਕਾਇਤ ’ਤੇ ਮਾਛੀਵਾੜਾ ਪੁਲੀਸ ਨੇ 31 ਲੱਖ ਰੁਪਏ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਜਤਿੰਦਰ ਕੌਰ, ਸਹੁਰੇ ਜਰਨੈਲ ਸਿੰਘ ਤੇ ਸੱਸ ਬਲਵਿੰਦਰ ਕੌਰ ਵਾਸੀ ਨਵਾਂਸ਼ਹਿਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਿਤਪਾਲ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦੀ ਰਿਸ਼ਤੇਦਾਰੀ ’ਚੋਂ ਲੜਕੀ ਜਤਿੰਦਰ ਕੌਰ ਦੇ ਪਰਿਵਾਰ ਨਾਲ ਗੱਲ ਹੋਈ ਸੀ। ਉਸ ਪਰਿਵਾਰ ਨੇ ਕਿਹਾ ਸੀ ਉਨ੍ਹਾਂ ਦੀ ਲੜਕੀ ਪੜ੍ਹਾਈ ਵਿੱਚ ਹੁਸ਼ਿਆਰ ਹੈ, ਜੇ ਲੜਕੇ ਦਾ ਪਰਿਵਾਰ ਕੈਨੇਡਾ ’ਚ ਪੜ੍ਹਾਈ ਲਈ ਖ਼ਰਚਾ ਕਰੇਗਾ ਤਾਂ ਉਹ ਲੜਕੀ ਦਾ ਵਿਆਹ ਕਰ ਦੇਣਗੇ। ਪੀੜਤ ਅਨੁਸਾਰ 6 ਮਈ 2018 ਨੂੰ ਵਿਆਹ ਮਗਰੋਂ ਜਤਿੰਦਰ ਕੌਰ ਸਹੁਰੇ ਘਰ ਰਹਿਣ ਲੱਗੀ ਸੀ। ਤਿੰਨ ਵਾਰ ਆਈਲੈੱਟਸ ਦੀ ਤਿਆਰੀ ਤੇ ਪੇਪਰ ਦੇਣ ਮਗਰੋਂ 6.5 ਬੈਂਡ ਆਉਣ ’ਤੇ 31 ਲੱਖ ਰੁਪਏ ਖ਼ਰਚ ਕੇ ਉਸ ਨੂੰ ਕੈਨੇਡਾ ਭੇਜਿਆ। ਉਸ ਨੇ ਵਿਦੇਸ਼ ਜਾਣ ਵਾਲੇ ਦਸਤਾਵੇਜ਼ਾਂ ’ਚ ਖ਼ੁਦ ਨੂੰ ਵਿਆਹੁਤਾ ਦੀ ਥਾਂ ਸਿੰਗਲ ਲਿਖਿਆ ਸੀ। ਪੀੜਤ ਅਨੁਸਾਰ ਜਤਿੰਦਰ ਨੇ ਕੈਨੇਡਾ ਜਾਣ ਲਈ ਉਸ ਦੀ ਫਾਈਲ ਲਗਾਉਣ ਦੀ ਥਾਂ ਲਾਰਿਆਂ ’ਚ ਹੀ ਰੱਖਿਆ। ਉਸ ਨੇ ਕੈਨੇਡਾ ਦੇ ਵਰਕ ਪਰਮਿਟ ਮੌਕੇ ਵੀ ਖ਼ੁਦ ਨੂੰ ਵਿਆਹੁਤਾ ਨਹੀਂ ਲਿਖਿਆ। ਇਸ ਮਗਰੋਂ ਉਸ ਨੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਪ੍ਰਿਤਪਾਲ ਵੱਲੋਂ ਪੁਲੀਸ ਕੋਲ ਕੀਤੀ ਸ਼ਿਕਾਇਤ ਮਗਰੋਂ ਉਸ ਦੇ ਸੱਸ ਤੇ ਸਹੁਰਾ ਨੇ ਪੰਚਾਇਤ ’ਚ ਕੁੜੀ ਦੇ ਪੱਕੇ ਹੋਣ ਮਗਰੋਂ ਉਸ ਨੂੰ ਵਿਦੇਸ਼ ਬੁਲਾਉਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਜਤਿੰਦਰ ਨੇ ਤਲਾਕ ਲੈਣ ਲਈ ਵਿਦੇਸ਼ ਤੋਂ ਮੁਖ਼ਤਿਆਰਨਾਮਾ ਭੇਜਿਆ ਹੈ। ਇਸ ਮਗਰੋਂ ਪੁਲੀਸ ਨੇ ਜਤਿੰਦਰ ਕੌਰ, ਜਰਨੈਲ ਸਿੰਘ ਤੇ ਬਲਵਿੰਦਰ ਕੌਰ ਖਿਲਾਫ਼ ਕੇਸ ਦਰਜ ਕੀਤਾ ਹੈ।