ਮੁੱਲਾਂਪੁਰ ਦਾਖਾ : ਜਗਰਾਉਂ ਨੇੜਲੇ ਬੇਟ ਇਲਾਕੇ ਦੇ ਪਿੰਡ ਭੂੰਦੜੀ ਵਿੱਚ ਲੱਗ ਰਹੀ ਗੈਸ ਫੈਕਟਰੀ ਅਤੇ ਗਿਆਰਾਂ ਮਹੀਨੇ ਤੋਂ ਇਸ ਖ਼ਿਲਾਫ਼ ਚੱਲ ਰਹੇ ਸੰਘਰਸ਼ ਦਾ ਮੁੱਦਾ ਅੱਜ ਪੰਜਾਬ ਵਿਧਾਨ ਸਭਾ ਵਿੱਚ ਵੀ ਗੂੰਜਿਆ। ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸਿਫ਼ਰ ਕਾਲ ਦੌਰਾਨ ਗੈਸ ਫੈਕਟਰੀਆਂ ਸਬੰਧੀ ‘ਗਾਈਡਲਾਈਨਜ਼’ ਪੇਸ਼ ਕਰਦਿਆਂ ਕਿਹਾ ਕਿ ਇਹ ਬਾਇਓ ਗੈਸ ਪਲਾਂਟ ਵਾਤਾਵਰਨ ਸਬੰਧੀ ਨਿਯਮਾਂ ਨੂੰ ਉਲੰਘ ਕੇ ਲੱਗ ਰਿਹਾ ਹੈ। ਲੋਕ ਕਰੀਬ ਇਕ ਸਾਲ ਤੋਂ ਇਸ ਦਾ ਵਿਰੋਧ ਕਰ ਰਹੇ ਹਨ। ਹੁਣ ਸਰਕਾਰ ਜਬਰਨ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ। ਇਸੇ ਮਕਸਦ ਨਾਲ ਬੀਤੇ ਦਿਨ ਪੁਲੀਸ ਨੇ ਧੱਕੇ ਨਾਲ ਧਰਨਾ ਚੁੱਕਵਾਉਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ, ਪੁਲੀਸ ਦੇ ਧੱਕੇ, ਔਰਤਾਂ ਨਾਲ ਖਿੱਚ-ਧੂਹ ਤੇ ਪੱਕੇ ਮੋਰਚੇ ਵਾਲਾ ਸਾਮਾਨ ਚੁੱਕੇ ਜਾਣ ਮਗਰੋਂ ਵੀ ਲੋਕ ਮੁੜ ਡਟ ਗਏ ਹਨ।
ਵਿਧਾਇਕ ਇਯਾਲੀ ਨੇ ਭਵਿੱਖ ਵਿੱਚ ਅਜਿਹੇ ਟਕਰਾਅ ਤੋਂ ਬਚਣ ਲਈ ਸੁਝਾਅ ਵੀ ਰੱਖੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਿਫ਼ਰ ਕਾਲ ਵਿੱਚ ਸਮਾਂ ਦੇਣ ’ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪਹਿਲਾਂ ਵੀ ਇਕ ਵਾਰ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ। ਵਾਤਾਵਰਨ ਸਬੰਧੀ ਦਿਸ਼ਾ-ਨਿਰਦੇਸ਼ ਹਨ ਕਿ ਅਜਿਹੀ ਕੋਈ ਵੀ ਗੈਸ ਫੈਕਟਰੀ ਆਬਾਦੀ ਅਤੇ ਜਲ ਸਪਲਾਈ ਦੇ ਤਿੰਨ ਸੌ ਮੀਟਰ ਦੇ ਦਾਇਰੇ ਵਿੱਚ ਨਹੀਂ ਲੱਗ ਸਕਦੀ ਪਰ ਉਨ੍ਹਾਂ ਦੇ ਹਲਕੇ ਦੇ ਪਿੰਡ ਭੂੰਦੜੀ ਵਿੱਚ ਇਹ ਗੈਸ ਪਲਾਂਟ ਨਿਯਮਾਂ ਦੀ ਉਲੰਘਣਾ ਕਰ ਕੇ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਗੈਸ ਫੈਕਟਰੀ ਤੋਂ ਸਕੂਲ ਸਿਰਫ਼ 140 ਮੀਟਰ ਦੀ ਦੂਰੀ ’ਤੇ ਹੈ। ਪਾਣੀ ਦਾ ਛੱਪੜ ਤਾਂ ਸਿਰਫ਼ ਸੌ ਮੀਟਰ ਦੂਰ ਹੈ। ਇਸੇ ਤਰ੍ਹਾਂ ਦੁੱਧ ਦੀ ਡੇਅਰੀ, ਜਲ ਸਪਲਾਈ ਅਤੇ ਦਰਜਨਾਂ ਘਰ ਤਿੰਨ ਸੌ ਮੀਟਰ ਦੇ ਦਾਇਰੇ ਦੇ ਅੰਦਰ ਹਨ। ਨਿਯਮਾਂ ਦੀ ਹੋਈ ਉਲੰਘਣਾ ਦੀ ਸਪੀਕਰ ਤੋਂ ਜਾਂਚ ਮੰਗਦਿਆਂ ਉਨ੍ਹਾਂ ਕਿਹਾ ਕਿ ਗੈਸ ਫੈਕਟਰੀ ਦਾ ਕੰਮ ਬੰਦ ਕਰਵਾਇਆ ਜਾਵੇ। ਲੋਕਾਂ ਦੇ ਇਕ ਸਾਲ ਤੋਂ ਚੱਲਦੇ ਵਿਰੋਧ ਤੇ ਧਰਨੇ ਦੇ ਉਲਟ ਜਾ ਕੇ ਸਰਕਾਰ ਜਬਰਨ ਇਸ ਨੂੰ ਚਲਾਉਣ ਦੀ ਕੋਸ਼ਿਸ਼ ਬੰਦ ਕਰੇ। ਲੁਧਿਆਣਾ ਜ਼ਿਲ੍ਹੇ ਵਿੱਚ ਹੀ ਅਜਿਹੀਆਂ ਗੈਸ ਫੈਕਟਰੀਆਂ ਲੱਗਣ ’ਤੇ ਉਨ੍ਹਾਂ ਦੇ ਵਿਰੋਧ ਦਾ ਜ਼ਿਕਰ ਕਰਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਇਸ ਲਈ ਸਭ ਤੋਂ ਪਹਿਲਾਂ ਪੰਚਾਇਤ ਦੀ ਸਹਿਮਤੀ ਅਤੇ ਫਿਰ ਪਿੰਡ ਵਾਲਿਆਂ ਦੀ ਮਨਜ਼ੂਰੀ ਲਾਜ਼ਮੀ ਕੀਤੀ ਜਾਵੇ। ਇਸ ਨਾਲ ਲੋਕ ਵੀ ਬਾਅਦ ਵਿੱਚ ਹੋਣ ਵਾਲੀ ਖੱਜਲ-ਖੁਆਰੀ ਤੋਂ ਬਚਣਗੇ ਅਤੇ ਜਿਸ ਕਾਰੋਬਾਰੀ ਨੇ ਲੱਖਾਂ ਰੁਪਏ ਖ਼ਰਚ ਕੇ ਇਹ ਪਲਾਂਟ ਲਾਉਣਾ ਹੈ, ਉਸ ਨੂੰ ਵੀ ਮਾਲੀ ਨੁਕਸਾਨ ਨਹੀਂ ਝੱਲਣਾ ਪਵੇਗਾ।
ਭੂੰਦੜੀ ਵਿੱਚ ਪੱਕਾ ਮੋਰਚਾ ਜਾਰੀ
ਪਿੰਡ ਭੂੰਦੜੀ ਵਿੱਚ ਗੈਸ ਫੈਕਟਰੀ ਵਿਰੋਧੀ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ। ਇਸ ਸਮੇਂ ਬੁਲਾਰਿਆਂ ਜਿਨ੍ਹਾਂ ਵਿੱਚ ਬੀਬੀਆਂ ਵੀ ਸ਼ਾਮਲ ਸਨ, ਨੇ ਗੈਸ ਫੈਕਟਰੀ ਨੂੰ ਪੱਕੇ ਜਿੰਦਰੇ ਲੱਗਣ ਤਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਭਵਿੱਖ ਵਿੱਚ ਲੋਕ ਪੁਲੀਸ ਜਬਰ ਦਾ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਪਿੱਛੇ ਨਾ ਹਟਿਆ ਤਾਂ ਹਾਈਵੇਅ ਜਾਮ ਕਰਨ ਤੋਂ ਵੀ ਪਰਹੇਜ਼ ਨਹੀਂ ਹੋਵੇਗਾ।