ਮੁਕਾਬਲੇ ’ਚ ਦੋ ਜਵਾਨ ਸ਼ਹੀਦ, 31 ਨਕਸਲੀ ਹਲਾਕ

ਮੁਕਾਬਲੇ ’ਚ ਦੋ ਜਵਾਨ ਸ਼ਹੀਦ, 31 ਨਕਸਲੀ ਹਲਾਕ

ਛੱਤੀਸਗੜ੍ਹ ਦੇ ਬੀਜਾਪੁਰ ’ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲੇ ਦੌਰਾਨ ਦੋ ਜਵਾਨ ਡੀਆਰਜੀ ਹੈੱਡ ਕਾਂਸਟੇਬਲ ਨਰੇਸ਼ ਧਰੁਵ ਅਤੇ ਐੱਸਟੀਐੱਫ ਦੇ ਕਾਂਸਟੇਬਲ ਵਾਸਿਤ ਰਾਵਤੇ ਸ਼ਹੀਦ ਹੋ ਗਏ, ਜਦਕਿ 31 ਨਕਸਲੀ ਮਾਰੇ ਗਏ। ਪੁਲੀਸ ਨੇ ਕਿਹਾ ਕਿ ਮਾਰੇ ਗਏ ਨਕਸਲੀਆਂ ’ਚ 11 ਔਰਤਾਂ ਵੀ ਸ਼ਾਮਲ ਹਨ। ਧਰੁਵ ਬਾਲੋਡਾਬਾਜ਼ਾਰ-ਭਾਟਪਾਰਾ ਜ਼ਿਲ੍ਹੇ ਅਤੇ ਰਾਵਤੇ ਬਾਲਡੋ ਜ਼ਿਲ੍ਹੇ ਦੇ ਵਸਨੀਕ ਸਨ। ਉਨ੍ਹਾਂ ਦੀਆਂ ਦੇਹਾਂ ਬੀਜਾਪੁਰ ਜ਼ਿਲ੍ਹਾ ਹੈੱਡਕੁਆਰਟਰ ’ਤੇ ਲਿਆਂਦੀਆਂ ਗਈਆਂ ਹਨ। ਮੁਕਾਬਲੇ ’ਚ ਕਾਂਸਟੇਬਲ ਜੱਗੂ ਕਾਲਮੂ (ਡੀਆਰਜੀ) ਅਤੇ ਗੁਲਾਬ ਮਾਂਡਵੀ (ਐੱਸਟੀਐੱਫ) ਜ਼ਖ਼ਮੀ ਹੋਏ ਹਨ। ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਦੱਸਿਆ ਕਿ 650 ਤੋਂ ਵੱਧ ਜਵਾਨਾਂ ਨੇ ਇੰਦਰਾਵਤੀ ਨੈਸ਼ਨਲ ਪਾਰਕ ਇਲਾਕੇ ’ਚ ਨਕਸਲੀਆਂ ਦੀ ਲੁਕਣਗਾਹ ਨੂੰ ਚਾਰੋਂ ਪਾਸਿਆਂ ਤੋਂ ਘੇਰਾ ਪਾਇਆ ਅਤੇ 31 ਨਕਸਲੀਆਂ ਨੂੰ ਮਾਰ ਮੁਕਾਇਆ। ਮੁੱਖ ਮੰਤਰੀ ਵਿਸ਼ਨੂ ਦਿਓ ਸਾਈ ਨੇ ਕਿਹਾ ਕਿ ਦੇਸ਼ ਅਤੇ ਸੂਬੇ ’ਚੋਂ ਨਕਸਲਵਾਦ ਦਾ ਖ਼ਾਤਮਾ ਤੈਅ ਹੈ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਸੂਬੇ ’ਚੋਂ ਮਾਰਚ 2026 ਤੱਕ ਨਕਸਲਵਾਦ ਦਾ ਸਫ਼ਾਇਆ ਹੋ ਜਾਵੇਗਾ।’’ ਛੱਤੀਸਗੜ੍ਹ ’ਚ ਇਸ ਸਾਲ ਵੱਖ ਵੱਖ ਮੁਕਾਬਲਿਆਂ ’ਚ ਸੁਰੱਖਿਆ ਬਲਾਂ ਨੇ ਹੁਣ ਤੱਕ 81 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਇਨ੍ਹਾਂ ’ਚੋਂ 65 ਬਸਤਰ ਡਿਵੀਜ਼ਨ ’ਚ ਮਾਰੇ ਗਏ ਹਨ। ਪਿਛਲੇ ਸਾਲ ਛੱਤੀਸਗੜ੍ਹ ’ਚ ਵੱਖ ਵੱਖ ਮੁਕਾਬਲਿਆਂ ’ਚ 219 ਨਕਸਲੀ ਮਾਰੇ ਗਏ ਸਨ। ਬਸਤਰ ਰੇਂਜ ਦੇ ਆਈਜੀ ਸੁੰਦਰਰਾਜ ਪੀ ਨੇ ਕਿਹਾ ਕਿ ਮੌਜੂਦਾ ਮੁਕਾਬਲਾ ਇੰਦਰਾਵਤੀ ਨੈਸ਼ਨਲ ਪਾਰਕ ਇਲਾਕੇ ਦੇ ਜੰਗਲ ’ਚ ਅੱਜ ਸਵੇਰੇ ਉਦੋਂ ਹੋਇਆ ਜਦੋਂ ਵੱਖ ਵੱਖ ਬਲਾਂ ਦੇ ਜਵਾਨਾਂ ਦੀ ਸਾਂਝੀ ਟੀਮ ਨਕਸਲ ਵਿਰੋਧੀ ਅਪਰੇਸ਼ਨ ’ਚ ਜੁੜੀ ਹੋਈ ਸੀ। ਉਨ੍ਹਾਂ ਕਿਹਾ ਕਿ ਅਪਰੇਸ਼ਨ ’ਚ ਡਿਸਟ੍ਰਿਕਟ ਰਿਜ਼ਰਵ ਗਾਰਡ (ਡੀਆਰਜੀ), ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ), ਬਸਤਰ ਫਾਈਟਰਜ਼ ਅਤੇ ਪੁਲੀਸ ਦੀਆਂ ਸਾਰੀਆਂ ਇਕਾਈਆਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਕੌਮੀ ਪਾਰਕ ਏਰੀਆ ਕਮੇਟੀ ਨਾਲ ਸਬੰਧਤ ਮਾਓਵਾਦੀਆਂ ਦੀ ਮੌਜੂਦਗੀ ਬਾਰੇ ਸੂਹ ਮਿਲਣ ਮਗਰੋਂ ਸੁਰੱਖਿਆਂ ਬਲਾਂ ਦੇ ਜਵਾਨਾਂ ਨੇ 7 ਫਰਵਰੀ ਤੋਂ ਤਲਾਸ਼ੀ ਮੁਹਿੰਮ ਆਰੰਭੀ ਸੀ। ਉਨ੍ਹਾਂ ਕਿਹਾ ਕਿ ਐਤਵਾਰ ਸਵੇਰੇ 8 ਵਜੇ ਦੇ ਕਰੀਬ ਇਕ ਪਹਾੜੀ ’ਤੇ ਤਾਬੜਤੋੜ ਗੋਲੀਬਾਰੀ ਸ਼ੁਰੂ ਹੋਈ ਜੋ ਸ਼ਾਮ ਕਰੀਬ 4 ਵਜੇ ਤੱਕ ਜਾਰੀ ਰਹੀ। ਅਧਿਕਾਰੀਆਂ ਨੇ ਕਿਹਾ, ‘‘ਮੁਕਾਬਲੇ ਵਾਲੀ ਥਾਂ ਤੋਂ ਹੁਣ ਤੱਕ ਵਰਦੀ ’ਚ 31 ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਮੌਕੇ ਤੋਂ ਏਕੇ-47, ਇਨਸਾਸ, ਐੱਸਐੱਲਆਰ, ਪੁਆਇੰਟ 303 ਰਾਈਫਲਾਂ ਅਤੇ ਬੈਰਲ ਗ੍ਰਨੇਡ ਲਾਂਚਰਾਂ ਸਮੇਤ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ ਹੋਇਆ ਹੈ।’’ ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਦੋਵੇਂ ਜਵਾਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। -ਪੀਟੀਆਈ

ਅਗਲੇ ਸਾਲ 31 ਮਾਰਚ ਤੱਕ ਨਕਸਲਵਾਦ ਦਾ ਹੋ ਜਾਵੇਗਾ ਸਫ਼ਾਇਆ: ਸ਼ਾਹ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲੀਆਂ ਦਾ ਅਗਲੇ ਸਾਲ 31 ਮਾਰਚ ਤੱਕ ਸਫ਼ਾਇਆ ਹੋ ਜਾਵੇਗਾ ਅਤੇ ਕਿਸੇ ਵੀ ਨਾਗਰਿਕ ਦੀ ਜਾਨ ਨਕਸਲਵਾਦ ਕਾਰਨ ਨਹੀਂ ਜਾਵੇਗੀ। ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ’ਚ 31 ਨਕਸਲੀਆਂ ਨੂੰ ਮਾਰ ਮੁਕਾਉਣ ਮਗਰੋਂ ਸ਼ਾਹ ਨੇ ਇਹ ਬਿਆਨ ਦਿੱਤਾ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਮੁਲਕ ਨੂੰ ਨਕਸਲ ਮੁਕਤ ਬਣਾਉਣ ਦੀ ਦਿਸ਼ਾ ’ਚ ਸੁਰੱਖਿਆ ਬਲਾਂ ਨੂੰ ਬੀਜਾਪੁਰ ’ਚ ਵੱਡੀ ਸਫ਼ਲਤਾ ਹਾਸਲ ਹੋਈ ਹੈ। ਸ਼ਾਹ ਨੇ ਮੁਕਾਬਲੇ ’ਚ ਸ਼ਹੀਦ ਹੋਏ ਦੋ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ।

Share: