ਸਿੱਖਿਆ ਵਿਭਾਗ: ਫਰਜ਼ੀ ਹੁਕਮਾਂ ’ਤੇ ਕਈਆਂ ਨੇ ਕੀਤਾ ਜੁਆਇਨ

ਸਿੱਖਿਆ ਵਿਭਾਗ: ਫਰਜ਼ੀ ਹੁਕਮਾਂ ’ਤੇ ਕਈਆਂ ਨੇ ਕੀਤਾ ਜੁਆਇਨ

ਫਰੀਦਕੋਟ: ਪੰਜਾਬ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਉਸ ਸਮੇਂ ਨਮੋਸ਼ੀ ਝੱਲਣੀ ਪਈ ਜਦੋਂ ਕਈ ਜ਼ਿਲ੍ਹਿਆਂ ’ਚ 57 ਕਲਰਕਾਂ ਤੇ ਡਾਟਾ ਐਂਟਰੀ ਅਪਰੇਟਰਾਂ ਅਤੇ ਸੇਵਾਦਾਰਾਂ ਨੂੰ ‘ਫਰਜ਼ੀ’ ਹੁਕਮਾਂ ਦੇ ਆਧਾਰ ’ਤੇ ਤਬਦੀਲ ਕਰ ਦਿੱਤਾ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ‘ਫਰਜ਼ੀ’ ਤਬਾਦਲਾ ਹੁਕਮ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਅਤੇ ਸਿੱਖਿਆ ਵਿਭਾਗ ਨੂੰ ਭਾਜੜ ਪੈ ਗਈ। ਇਨ੍ਹਾਂ ਫਰਜ਼ੀ ਹੁਕਮਾਂ ਨੂੰ ਅਸਲ ਸਮਝ ਕੇ ਕਈ ਜ਼ਿਲ੍ਹਾ ਸਿੱਖਿਆ ਅਫਸਰਾਂ (ਡੀਈਓਜ਼) ਨੇ ਆਪਣੇ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਤੇ ਕਈ ਮੁਲਾਜ਼ਮਾਂ ਨੇ ਨਵੀਂ ਥਾਂ ’ਤੇ ਜੁਆਇਨ ਵੀ ਕਰ ਲਿਆ। ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਦੇ ਨਾਂ ਹੇਠ 2 ਫਰਵਰੀ ਨੂੰ ਸਾਰੇ ਡੀਈਓਜ਼ ਨੂੰ ਇਸ ਸਬੰਧੀ ਇੱਕ ‘ਫਰਜ਼ੀ’ ਪੱਤਰ ਜਾਰੀ ਹੋਇਆ ਸੀ। ਬੀਤੇ ਦਿਨ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਕੁਝ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਸਕੂਲ ਮੁਖੀਆਂ ਨੇ ਫਰਜ਼ੀ ਹੁਕਮਾਂ ਦੇ ਆਧਾਰ ’ਤੇ ਮੁਲਾਜ਼ਮਾਂ ਦੀ ਨਵੀਆਂ ਥਾਵਾਂ ’ਤੇ ਤਾਇਨਾਤੀ ਕਰ ਦਿੱਤੀ ਸੀ। ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ ਨੇ ਸਾਰੇ ਡੀਈਓਜ਼ ਤੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਸਰਕਾਰੀ ਈਮੇਲ ’ਤੇ ਪ੍ਰਾਪਤ ਅਧਿਕਾਰਤ ਹੁਕਮਾਂ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਤਬਾਦਲਾ ਹੁਕਮਾਂ ਨੂੰ ਰੱਦ ਕਰ ਦਿੱਤਾ ਜਾਵੇ। ਡੀਜੀਐੱਸਈ ਨੇ ਅਧਿਕਾਰੀਆਂ ਨੂੰ ਚੌਕਸ ਰਹਿਣ ਤੇ ਕਾਰਵਾਈ ਤੋਂ ਪਹਿਲਾਂ ਪੜਤਾਲ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਅਧਿਕਾਰਤ ਹਦਾਇਤਾਂ ਦੀ ਪਾਲਣਾ ਨੂੰ ਤਰਜੀਹ ਦੇਣ ਤੇ ਕਿਸੇ ਸ਼ੱਕੀ ਹੁਕਮ ਬਾਰੇ ਸਬੰਧਤ ਵਿਭਾਗ ਨੂੰ ਰਿਪੋਰਟ ਕਰਨ ਲਈ ਕਿਹਾ ਹੈ। ਅਧਿਕਾਰੀਆਂ ਵੱਲੋਂ ਫਰਜ਼ੀ ਹੁਕਮ ਜਾਰੀ ਹੋਣ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share: