ਗ੍ਰੀਸ ਦੇ ਪ੍ਰਸਿੱਧ ਸੈਲਾਨੀ ਸਥਾਨ ਸੈਂਟੋਰਿਨੀ ਵਿੱਚ ਦੋ ਦਿਨਾਂ ਵਿੱਚ 300 ਭੂਚਾਲ ਆਏ। ਭੂਚਾਲ ਤੋਂ ਬਾਅਦ ਹਜ਼ਾਰਾਂ ਲੋਕ ਸੈਂਟੋਰਿਨੀ ਤੋਂ ਭੱਜ ਨਿਕਲੇ। ਇਸ ਵਿੱਚ ਸਥਾਨਕ ਵਾਸੀ ਅਤੇ ਸੈਲਾਨੀ ਦੋਵੇਂ ਸ਼ਾਮਲ ਹਨ। ਬੀਬੀਸੀ ਦੇ ਅਨੁਸਾਰ ਹਾਲ ਹੀ ਦੇ ਦਿਨਾਂ ਵਿਚ 11,000 ਤੋਂ ਵੱਧ ਨਿਵਾਸੀ ਟਾਪੂ ਛੱਡ ਚੁੱਕੇ ਹਨ।
ਜ਼ਿਆਦਾਤਰ ਲੋਕ ਏਥਨਜ਼ ਵਿੱਚ ਸ਼ਰਨ ਲੈ ਰਹੇ ਹਨ ਅਤੇ ਵਾਧੂ ਸੁਰੱਖਿਆ ਉਡਾਣਾਂ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਵਿੱਚ ਸੈਂਟੋਰਿਨੀ ਤੋਂ ਏਥਨਜ਼ ਲਈ 15 ਉਡਾਣਾਂ ਸ਼ਾਮਲ ਹਨ। ਮੰਗਲਵਾਰ ਸਵੇਰੇ 4.8 ਤੀਬਰਤਾ ਦਾ ਭੂਚਾਲ ਰਿਕਾਰਡ ਕੀਤਾ ਗਿਆ ਸੀ, ਜੋ ਕਿ ਹਫਤੇ ਦੇ ਅੰਤ ਵਿੱਚ ਦਰਜ ਕੀਤੇ ਗਏ 4.9 ਤੀਬਰਤਾ ਦੇ ਭੂਚਾਲ ਤੋਂ ਥੋੜ੍ਹਾ ਘੱਟ ਸੀ। ਇਹ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ।
ਤਿੰਨ ਦਿਨਾਂ ਵਿਚ 550 ਵਾਰ ਹਿੱਲੀ ਧਰਤੀ
ਤਿੰਨ ਦਿਨਾਂ ਵਿਚ ਸੈਂਟੋਰਿਨੀ ਵਿੱਚ 550 ਤੋਂ ਵੱਧ ਭੂਚਾਲ ਆਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਭੂਚਾਲ 4.9 ਤੀਬਰਤਾ ਦਾ ਸੀ। 6,000 ਤੋਂ ਵੱਧ ਨਿਵਾਸੀ ਟਾਪੂ ਛੱਡ ਚੁੱਕੇ ਹਨ, ਅਤੇ ਮਾਹਰ ਚਿਤਾਵਨੀ ਦੇ ਰਹੇ ਹਨ ਕਿ ਭੂਚਾਲ ਦੀ ਗਤੀਵਿਧੀ ਜਾਰੀ ਰਹਿ ਸਕਦੀ ਹੈ। ਇਹ ਟਾਪੂ, ਜੋ ਆਮ ਤੌਰ ‘ਤੇ ਲੱਖਾਂ ਸੈਲਾਨੀਆਂ ਦੀ ਮੇਜ਼ਬਾਨੀ ਕਰਦਾ ਹੈ, ਹੁਣ ਉਜਾੜ ਹੈ। ਪਿਛਲੇ ਤਿੰਨ ਦਿਨਾਂ ਵਿੱਚ ਸੈਂਟੋਰਿਨੀ ਅਤੇ ਏਜੀਅਨ ਸਾਗਰ ਵਿੱਚ ਐਮੋਰਗੋਸ ਅਤੇ ਆਈਓਸ ਦੇ ਨੇੜਲੇ ਟਾਪੂਆਂ ਦੇ ਵਿਚਕਾਰ 3.0 ਤੀਬਰਤਾ ਦੇ ਲਗਭਗ 550 ਝਟਕੇ ਦਰਜ ਕੀਤੇ ਗਏ ਹਨ।
ਆਰਗੇਨਾਈਜ਼ੇਸ਼ਨ ਫਾਰ ਭੁਚਾਲ ਯੋਜਨਾ ਅਤੇ ਸੁਰੱਖਿਆ (ਓਏਐਸਪੀ) ਨੇ ਅਨੁਮਾਨ ਲਗਾਇਆ ਹੈ ਕਿ ਭੂਚਾਲ ਦੀ ਤੀਬਰ ਗਤੀਵਿਧੀ ਕਈ ਹੋਰ ਦਿਨਾਂ ਜਾਂ ਹਫ਼ਤਿਆਂ ਤੱਕ ਜਾਰੀ ਰਹਿ ਸਕਦੀ ਹੈ। ਗ੍ਰੀਸ ਦੇ ਰਾਸ਼ਟਰੀ ਪ੍ਰਸਾਰਕ ਈਆਰਟੀ ਨੇ ਕਿਹਾ ਕਿ 6 ਜਾਂ ਇਸ ਤੋਂ ਵੱਧ ਤੀਬਰਤਾ ਦਾ ਭੂਚਾਲ ਵੀ ਸੰਭਵ ਹੈ। ਸੈਂਟੋਰਿਨੀ ਨੂੰ “ਇੰਸਟਾਗ੍ਰਾਮ ਆਈਲੈਂਡ” ਵਜੋਂ ਜਾਣਿਆ ਜਾਂਦਾ ਹੈ, ਜੋ ਸਾਲਾਨਾ ਲਗਭਗ 3.4 ਮਿਲੀਅਨ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਜਦੋਂ ਕਿ ਇੱਥੇ ਲਗਭਗ 20,000 ਸਥਾਈ ਨਿਵਾਸੀ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸੁਰੱਖਿਆ ਚਿੰਤਾਵਾਂ ਕਾਰਨ ਇਲਾਕਾ ਛੱਡ ਚੁੱਕੇ ਹਨ।
ਸਕੂਲ ਅਤੇ ਸਾਰੇ ਸਰਕਾਰੀ ਅਦਾਰੇ ਬੰਦ
ਬੁੱਧਵਾਰ ਨੂੰ ਇੱਕ ਅਸਾਧਾਰਨ ਭੁਚਾਲ ਦੇ ਬਾਅਦ ਸੈਂਟੋਰਿਨੀ ਵਿੱਚ ਚੱਟਾਨਾਂ ਡਿੱਗ ਰਹੀਆਂ ਹਨ। ਸਕੂਲ ਅਤੇ ਸਰਕਾਰੀ ਅਦਾਰੇ ਬੰਦ ਕਰ ਦਿੱਤੇ ਗਏ ਹਨ ਅਤੇ ਸੈਲਾਨੀ ਅਤੇ ਨਾਗਰਿਕ ਅਸਾਧਾਰਨ ਘਟਨਾ ਕਾਰਨ ਪ੍ਰਸਿੱਧ ਟਾਪੂ ਤੋਂ ਭੱਜ ਰਹੇ ਹਨ। ਹਾਲਾਂਕਿ ਕਿਸੇ ਵੱਡੀ ਤਬਾਹੀ ਜਾਂ ਦੁਖਾਂਤ ਦੀ ਕੋਈ ਰਿਪੋਰਟ ਨਹੀਂ ਹੈ, ਮੌਜੂਦਾ ਹਾਲਾਤਾਂ ਵਿੱਚੰ ਅਧਿਕਾਰੀਆਂ ਨੇ ਸਕੂਲ ਬੰਦ ਕਰ ਦਿੱਤੇ ਹਨ ਅਤੇ ਵੱਡੇ ਇਨਡੋਰ ਇਕੱਠਾਂ ਵਿਰੁੱਧ ਚਿਤਾਵਨੀ ਦਿੱਤੀ ਹੈ।