ਕੌਮੀ ਰਾਜਧਾਨੀ ਤੇ ਬਿਹਾਰ ਵਿਚ ਭੂਚਾਲ ਦੇ ਝਟਕੇ

ਕੌਮੀ ਰਾਜਧਾਨੀ ਤੇ ਬਿਹਾਰ ਵਿਚ ਭੂਚਾਲ ਦੇ ਝਟਕੇ

Earthquake ਕੌਮੀ ਰਾਜਧਾਨੀ ਅਤੇ ਨੇੜਲੇ ਇਲਾਕਿਆਂ (NCR) ਵਿੱਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਸ਼ਿੱਦਤ 4.0 ਮਾਪੀ ਗਈ ਹੈ। ਭੂਚਾਲ ਕਰਕੇ ਫਿਲਹਾਲ ਕਿਸੇ ਕਿਸਮ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਦੌਰਾਨ ਬਿਹਾਰ ਵਿਚ ਵੀ ਅੱਜ ਸਵੇਰੇ 8:02 ਵਜੇ 4.0 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। National Center for Seismology (NCS). ਮੁਤਾਬਕ ਬਿਹਾਰ ਵਿਚ ਭੂਚਾਲ ਦਾ ਕੇਂਦਰ ਸਿਵਾਨ (Siwan) ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਸਾਰਿਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਅਤੇ ਸੁਰੱਖਿਆ ਉਪਰਾਲਿਆਂ ਲਈ ਬੇਨਤੀ ਕੀਤੀ ਹੈ। ਉਨ੍ਹਾਂ ਭੂਚਾਲ ਦੇ ਸੰਭਾਵੀ ਝਟਕਿਆਂ ਤੋਂ ਬਚਣ ਲਈ ਵੀ ਕਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅਧਿਕਾਰੀ ਹਾਲਾਤ ’ਤੇ  ਨੇੜਿਓਂ ਨਜ਼ਰ ਰੱਖ ਰਹੇ ਹਨ।

ਭੂਚਾਲ ਦਾ ਕੇਂਦਰ Dhaula Kuan ਦੇ ਝੀਲ ਪਾਰਕ ਖੇਤਰ ਵਿੱਚ ਪੰਜ ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਕੌਮੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦੇ ਝਟਕੇ ਸਵੇਰੇ 5:36 ਵਜੇ ਮਹਿਸੂਸ ਕੀਤੇ ਗਏ। ਇੱਕ ਅਧਿਕਾਰੀ ਨੇ ਕਿਹਾ ਕਿ ਝੀਲ ਪਾਰਕ ਖੇਤਰ ਵਿੱਚ ਹਰ ਦੋ ਤੋਂ ਤਿੰਨ ਸਾਲ ਵਿੱਚ ਇੱਕ ਵਾਰ ਛੋਟੇ, ਘੱਟ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਆਏ ਹਨ। ਸਾਲ 2015 ਵਿੱਚ ਇੱਥੇ 3.3 ਤੀਬਰਤਾ ਦਾ ਭੂਚਾਲ ਆਇਆ ਸੀ।

ਦਿੱਲੀ ਪੁਲੀਸ ਨੇ ਐਕਸ ’ਤੇ ਇਕ ਪੋਸਟ ਵਿਚ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ। ਦਿੱਲੀ ਪੁਲੀਸ ਨੇ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਸੁਰੱਖਿਅਤ ਹੋ।’’ ਪੁਲੀਸ ਨੇ ਲੋਕਾਂ ਨੂੰ ਮੁਸ਼ਕਲ ਸਥਿਤੀ ਵਿੱਚ ਹੈਲਪਲਾਈਨ ਨੰਬਰ 112 ’ਤੇ ਕਾਲ ਕਰਨ ਦੀ ਬੇਨਤੀ ਕੀਤੀ ਹੈ।

ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਦਿੱਲੀ, ਨੌਇਡਾ, ਗ੍ਰੇਟਰ ਨੌਇਡਾ ਅਤੇ ਗਾਜ਼ੀਆਬਾਦ ਵਿੱਚ ਆਪਣੇ ਘਰਾਂ ਵਿੱਚ ਰਹਿਣ ਵਾਲੇ ਲੋਕ ਬਾਹਰ ਆ ਗਏ।

ਪੀਟੀਆਈ ਵੀਡੀਓਜ਼ ਤੋਂ ਮਿਲੇ ਵਿਜ਼ੂਅਲ ਮੁਤਾਬਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਮਗਰੋਂ ਦਿੱਲੀ-ਐਨਸੀਆਰ ਦੇ ਲੋਕ ਆਪਣੇ ਘਰਾਂ ’ਚੋਂ ਬਾਹਰ ਆ ਗਏ। ਪੱਛਮੀ ਦਿੱਲੀ ਵਾਸੀ ਨਰੇਸ਼ ਕੁਮਾਰ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ ਭੂਚਾਲ ਦੇ ਇੰਨੇ ਤੇਜ਼ ਝਟਕੇ ਮਹਿਸੂਸ ਕੀਤੇ ਹਨ। ਰਤਨ ਲਾਲ ਸ਼ਰਮਾ, ਜੋ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਪ੍ਰਯਾਗਰਾਜ ਜਾਣ ਵਾਲੀ ਰੇਲਗੱਡੀ ਦੀ ਉਡੀਕ ਕਰ ਰਿਹਾ ਸੀ, ਨੇ ਕਿਹਾ ਕਿ ਉਹ ਪਲੈਟਫਾਰਮ ‘ਤੇ ਸੀ ਜਦੋਂ ਉਸ ਨੂੰ ਅਚਾਨਕ ਝਟਕੇ ਮਹਿਸੂਸ ਹੋਏ। ਉਸ ਨੇ ਕਿਹਾ, ‘‘ਇੰਜ ਮਹਿਸੂਸ ਹੋਇਆ ਜਿਵੇਂ ਕੋਈ ਰੇਲਗੱਡੀ ਅਚਾਨਕ ਚੀਕਣ ਲੱਗ ਪਈ ਹੋਵੇ।’’

ਆਮ ਆਦਮੀ ਪਾਰਟੀ ਆਗੂ ਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਕਿਹਾ, ‘‘ਦਿੱਲੀ ਵਿੱਚ ਹੁਣੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਸਾਰੇ ਸੁਰੱਖਿਅਤ ਰਹਿਣ।’’

Share: