ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਖੌਤੀ ਸਾਧ ਆਸਾਰਾਮ ਬਾਪੂ ਬਾਰੇ ਦਸਤਾਵੇਜ਼ੀ “ਕਲਟ ਆਫ਼ ਫੀਅਰ: ਆਸਾਰਾਮ ਬਾਪੂ” ਨੂੰ ਲੈ ਕੇ ਮਿਲ ਰਹੀਆਂ ਧਮਕੀਆਂ ਲਈ ਡਿਸਕਵਰੀ ਇੰਡੀਆ ਦੇ ਅਧਿਕਾਰੀਆਂ ਨੂੰ ਅੰਤਰਿਮ ਪੁਲੀਸ ਸੁਰੱਖਿਆ ਪ੍ਰਦਾਨ ਕੀਤੀ ਹੈ ।
ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਵੱਖ-ਵੱਖ ਰਾਜਾਂ ਵਿੱਚ ਡਿਸਕਵਰੀ ਇੰਡੀਆ ਦੇ ਸੀਨੀਅਰ ਸਟਾਫ਼ ਨੂੰ ਮਿਲ ਰਹੀਆਂ ਧਮਕੀਆਂ ਦੇ ਹਵਾਲੇ ਨਾਲ ਦਾਇਰ ਪਟੀਸ਼ਨ ਉੱਤੇ ਸੱਤ ਰਾਜਾਂ ਦੀ ਪੁਲੀਸ ਨੂੰ ਡਿਸਕਵਰੀ ਇੰਡੀਆ ਦੇ ਅਧਿਕਾਰੀਆਂ ਅਤੇ ਜਾਇਦਾਦਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਚੈਨਲ ਦੀ ਪਟੀਸ਼ਨ ’ਤੇ ਨੋਟਿਸ ਜਾਰੀ ਕਰਦੇ ਹੋਏ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 3 ਮਾਰਚ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਲਈ ਪਾ ਦਿੱਤੀ ਹੈ।