ਦੋ ਜਹਾਜ਼ਾਂ ‘ਚ 276 ਭਾਰਤੀ ਹੋਣਗੇ ਡਿਪੋਰਟ, ਜਾਣੋ ਕਿੰਨੇ ਪੰਜਾਬੀ, ਆ ਗਈਆਂ ਲਿਸਟਾਂ!

ਦੋ ਜਹਾਜ਼ਾਂ ‘ਚ 276 ਭਾਰਤੀ ਹੋਣਗੇ ਡਿਪੋਰਟ, ਜਾਣੋ ਕਿੰਨੇ ਪੰਜਾਬੀ, ਆ ਗਈਆਂ ਲਿਸਟਾਂ!

ਅਮਰੀਕਾ ਵਿਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦੀ ਘਰ ਵਾਪਸੀ ਦਾ ਸਿਲਸਿਲਾ ਜਾਰੀ ਹੈ। ਅਮਰੀਕਾ ਲਗਾਤਾਰ ਕਾਰਵਾਈ ਕਰ ਰਿਹਾ ਹੈ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।

ਇਸੇ ਲੜੀ ਤਹਿਤ ਅੱਜ ਗ਼ੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਦੂਜਾ ਜਹਾਜ਼ ਭਾਰਤ ਆ ਰਿਹਾ ਹੈ। ਅਮਰੀਕਾ ਤੋਂ ਵਾਪਸ ਭੇਜੇ ਗਏ ਭਾਰਤੀਆਂ ਨੂੰ ਲੈ ਕੇ ਦੋ ਹੋਰ ਜਹਾਜ਼ ਅੱਜ ਅਤੇ ਭਲਕੇ ਅੰਮ੍ਰਿਤਸਰ ਉਤਰਨ ਵਾਲੇ ਹਨ। ਇਨ੍ਹਾਂ ‘ਚੋਂ ਪਹਿਲੀ ਉਡਾਣ ਦੇ ਅੱਜ ਯਾਨੀ ਸ਼ਨੀਵਾਰ ਕਰੀਬ 10 ਵਜੇ ਆਉਣ ਦੀ ਉਮੀਦ ਹੈ। ਇਸ ਫਲਾਈਟ ‘ਚ 119 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ ਹੋਣਗੇ। ਦੋਵਾਂ ਜਹਾਜ਼ਾਂ ਵਿਚ 276 ਲੋਕ ਡਿਪੋਰਟ ਕੀਤੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਰਿਸੀਵ ਕਰਨਗੇ। ਮੁੱਖ ਮੰਤਰੀ ਨੇ ਕਿਹਾ, ‘‘ਮੈਂ ਅੱਜ ਇੱਥੇ ਇਸ ਲਈ ਪੁੱਜਿਆ ਹਾਂ ਤਾਂ ਜੋ ਅਮਰੀਕਾ ਤੋਂ ਭਲਕੇ ਆ ਰਹੇ ਪਰਵਾਸੀ ਭਾਰਤੀਆਂ ਨੂੰ ਜੀ ਆਇਆਂ ਆਖ ਸਕਾਂ ਅਤੇ ਮਾਣ-ਸਨਮਾਨ ਨਾਲ ਰਿਸੀਵ ਕਰ ਸਕੇ।’’ ਉਨ੍ਹਾਂ ਕਿਹਾ ਕਿ ਲੋਕ ਭਾਵੇਂ ਗਲਤ ਢੰਗ-ਤਰੀਕੇ ਨਾਲ ਏਜੰਟਾਂ ਦੇ ਹੱਥੇ ਚੜ੍ਹ ਕੇ ਅਮਰੀਕਾ ਗਏ ਹਨ ਪਰ ਆਖਰ ਉਹ ਭਾਰਤੀ ਹਨ।

ਇਹ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਵੱਡੇ ਪੱਧਰ ‘ਤੇ ਕਾਰਵਾਈ ਦਾ ਹਿੱਸਾ ਹੈ। ਹਾਲ ਹੀ ਵਿੱਚ ਅਮਰੀਕਾ ਦੇ ਫੌਜੀ ਜਹਾਜ਼ ਸੀ-17 ਗਲੋਬਮਾਸਟਰ ਰਾਹੀਂ 104 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ। ਹੱਥਾਂ ਵਿੱਚ ਕਥਿਤ ਹਥਕੜੀਆਂ ਨੂੰ ਲੈ ਕੇ ਸਿਆਸੀ ਹੰਗਾਮਾ ਹੋਇਆ। ਇਸ ਦੀ ਗੂੰਜ ਸੰਸਦ ਵਿੱਚ ਵੀ ਸੁਣਾਈ ਦਿੱਤੀ। ਅਜਿਹੇ ‘ਚ ਉਸ ਘਟਨਾ ਦੇ ਸਿਰਫ 10 ਦਿਨਾਂ ਬਾਅਦ ਦੋ ਹੋਰ ਫਲਾਈਟਾਂ ਭਾਰਤ ‘ਚ ਲੈਂਡ ਕਰਨ ਜਾ ਰਹੀਆਂ ਹਨ।

ਸੂਤਰਾਂ ਮੁਤਾਬਕ ਅਮਰੀਕਾ ਤੋਂ 119 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਫਲਾਈਟ ਨੇ ਉਡਾਣ ਭਰੀ ਹੈ। ਇਹ ਫਲਾਈਟ ਅੱਜ ਸਵੇਰੇ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗੀ। 119 ਗੈਰ-ਕਾਨੂੰਨੀ ਪਰਵਾਸੀਆਂ ਵਿੱਚੋਂ 67 ਪੰਜਾਬ, 33 ਹਰਿਆਣਾ, 8 ਗੁਜਰਾਤ, 3 ਉੱਤਰ ਪ੍ਰਦੇਸ਼, 2-2 ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਅਤੇ 1-1 ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਹਨ।

Share: