ਅਮਰੀਕਾ ’ਚੋਂ ਕੱਢੇ 104 ਭਾਰਤੀ ਵਾਪਸ ਵਤਨ ਪਰਤੇ

ਅਮਰੀਕਾ ’ਚੋਂ ਕੱਢੇ 104 ਭਾਰਤੀ ਵਾਪਸ ਵਤਨ ਪਰਤੇ

ਅੰਮ੍ਰਿਤਸਰ : ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਮੁਲਕ ’ਚੋਂ ਬਾਹਰ ਕੱਢਣ ਦੇ ਫ਼ੈਸਲੇ ਤਹਿਤ ਅੱਜ 30 ਪੰਜਾਬੀਆਂ ਸਮੇਤ ਭਾਰਤ ਦੇ 104 ਪਰਵਾਸੀ ਇੱਥੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੇ। ਉਨ੍ਹਾਂ ਨੂੰ ਅਮਰੀਕਾ ਦਾ ਫੌਜੀ ਜਹਾਜ਼ ਸੀ-17 ਇੱਥੇ ਛੱਡ ਕੇ ਵਾਪਸ ਪਰਤ ਗਿਆ ਹੈ। ਅਮਰੀਕਾ ਵੱਲੋਂ ਵਾਪਸ ਭੇਜੇ ਗਏ ਪਰਵਾਸੀ ਭਾਰਤੀਆਂ ਵਿੱਚ ਗੁਜਰਾਤ ਦੇ 33 ਅਤੇ ਹਰਿਆਣਾ ਦੇ 35 ਨਾਗਰਿਕ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਯੂਪੀ ਅਤੇ ਮਹਾਰਾਸ਼ਟਰ ਦੇ ਨਾਗਰਿਕ ਵੀ ਵਾਪਸ ਭੇਜੇ ਗਏ ਹਨ। ਅਮਰੀਕੀ ਫੌਜ ਦਾ ਵਿਸ਼ੇਸ਼ ਜਹਾਜ਼ ਬਾਅਦ ਦੁਪਹਿਰ ਲਗਪਗ 2 ਵਜੇ ਇੱਥੇ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜਿਆ ਜਿਸ ਵਿੱਚ ਭਾਰਤੀ ਨਾਗਰਿਕਾਂ ਤੋਂ ਇਲਾਵਾ ਅਮਰੀਕੀ ਅਧਿਕਾਰੀ ਅਤੇ ਹਵਾਈ ਅਮਲਾ ਵੀ ਸ਼ਾਮਲ ਸੀ। ਜਾਣਕਾਰੀ ਮੁਤਾਬਕ ਅਮਰੀਕਾ ਤੋਂ ਆਏ 30 ਪੰਜਾਬੀਆਂ ਵਿੱਚੋਂ ਪੰਜ ਅੰਮ੍ਰਿਤਸਰ, ਇਕ-ਇਕ ਗੁਰਦਾਸਪੁਰ, ਤਰਨ ਤਾਰਨ, ਸੰਗਰੂਰ, ਐੱਸਏਐੱਸ ਨਗਰ ਅਤੇ ਫਤਹਿਗੜ੍ਹ ਸਾਹਿਬ, ਚਾਰ-ਚਾਰ ਜਲੰਧਰ ਤੇ ਪਟਿਆਲਾ, ਛੇ ਕਪੂਰਥਲਾ, ਦੋ-ਦੋ ਹੁਸ਼ਿਆਰਪੁਰ, ਲੁਧਿਆਣਾ ਅਤੇ ਐੱਸਬੀਐੱਸ ਨਗਰ ਦੇ ਵਿਅਕਤੀ ਸ਼ਾਮਲ ਹਨ। ਕੁੱਲ 104 ਭਾਰਤੀ ਨਾਗਰਿਕਾਂ ਵਿੱਚ 12 ਬੱਚੇ ਅਤੇ ਦੋ ਦਰਜਨ ਦੇ ਲਗਭਗ ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਵਧੇਰੇ ਨੌਜਵਾਨਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਾਲੇ ਹੈ ਜਦੋਂ ਕਿ 40 ਸਾਲ ਦੀ ਉਮਰ ਤੋਂ ਵੱਧ ਦੇ ਸਿਰਫ਼ ਅੱਠ ਵਿਅਕਤੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪੰਜਾਬ ਨਾਲ ਸਬੰਧਤ ਜ਼ਿਆਦਾਤਰ ਨੌਜਵਾਨ ਦੁਬਈ ਤੋਂ ਏਜੰਟਾਂ ਦੇ ਹੱਥੇ ਚੜ੍ਹ ਕੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜੇ ਸਨ ਜਿਨ੍ਹਾਂ ਦੁਬਈ ਤੋਂ ਅਮਰੀਕਾ ਜਾਣ ਵਾਸਤੇ 30 ਤੋਂ 40 ਲੱਖ ਰੁਪਏ ਏਜੰਟਾਂ ਨੂੰ ਦਿੱਤੇ ਸਨ।

ਅਮਰੀਕੀ ਜਹਾਜ਼ ਦੇ ਇੱਥੇ ਹਵਾਈ ਅੱਡੇ ’ਤੇ ਉਤਰਨ ਮਗਰੋਂ ਭਾਰਤੀ ਨਾਗਰਿਕਾਂ ਨੂੰ ਸਿਵਲ ਏਵੀਏਸ਼ਨ ਕਲੱਬ ਵਾਲੇ ਪਾਸੇ ਵੱਖਰੇ ਤੌਰ ’ਤੇ ਰੱਖਿਆ ਗਿਆ ਸੀ ਅਤੇ

ਮੀਡੀਆ ਨੂੰ ਉਨ੍ਹਾਂ ਨੇੜੇ ਨਹੀਂ ਜਾਣ ਦਿੱਤਾ ਗਿਆ। ਉਥੇ ਉਨ੍ਹਾਂ ਦੀ ਇਮੀਗਰੇਸ਼ਨ ਅਤੇ ਸ਼ਨਾਖਤ ਦੀ ਜਾਂਚ ਹੋਈ ਅਤੇ ਹੋਰ ਸਬੰਧਤ ਦਸਤਾਵੇਜ਼ ਘੋਖੇ ਗਏ ਹਨ। ਵੱਖ-ਵੱਖ ਏਜੰਸੀਆਂ ਵੱਲੋਂ ਵੀ ਉਨ੍ਹਾਂ ਕੋਲੋਂ ਲੋੜੀਂਦੀ ਪੁੱਛ-ਪੜਤਾਲ ਕੀਤੀ ਗਈ ਹੈ। ਇਸ ਦੌਰਾਨ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਨੌਜਵਾਨਾਂ ਨਾਲ ਸਬੰਧਤ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਅਤੇ ਇਹ ਸਾਰਾ ਮਾਮਲਾ ਗੁਪਤ ਰੱਖਿਆ ਗਿਆ। ਦੇਰ ਸ਼ਾਮ ਲਗਪਗ 7 ਵਜੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਦੇ ਵਿਅਕਤੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਭੇਜੇ ਗਏ ਵਾਹਨਾਂ ਰਾਹੀਂ ਉਨ੍ਹਾਂ ਦੇ ਟਿਕਾਣਿਆਂ ’ਤੇ ਭੇਜਿਆ ਗਿਆ ਹੈ। ਇਸੇ ਤਰ੍ਹਾਂ ਹਰਿਆਣਾ ਸਰਕਾਰ ਵੱਲੋਂ ਵੀ ਇੱਕ ਬਸ ਅਤੇ ਪੁਲੀਸ ਕਰਮਚਾਰੀ ਹਵਾਈ ਅੱਡੇ ’ਤੇ ਭੇਜੇ ਗਏ ਸਨ। ਗੁਜਰਾਤ, ਮਹਾਰਾਸ਼ਟਰ ਅਤੇ ਯੂਪੀ ਨਾਲ ਸਬੰਧਤ ਵਿਅਕਤੀਆਂ ਨੂੰ ਹਵਾਈ ਮਾਰਗ ਰਾਹੀਂ ਉਨ੍ਹਾਂ ਦੇ ਸੂਬਿਆਂ ਵਿੱਚ ਭੇਜਿਆ ਜਾਵੇਗਾ। ਹਵਾਈ ਅੱਡੇ ’ਤੇ ਪੁਲੀਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ।

ਜ਼ਿਕਰਯੋਗ ਹੈ ਕਿ ਡੋਨਲਡ ਟਰੰਪ ਦੀ ਅਗਵਾਈ ਹੇਠ ਬਣੀ ਨਵੀਂ ਸਰਕਾਰ ਨੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਵਿਅਕਤੀਆਂ ਨੂੰ ਮੁਲਕ ’ਚੋਂ ਕੱਢਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਤਹਿਤ ਲਗਪਗ 18000 ਤੋਂ ਵੱਧ ਅਜਿਹੇ ਭਾਰਤੀ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ ਜੋ ਲੋੜੀਂਦੇ ਦਸਤਾਵੇਜ਼ ਨਾ ਹੋਣ ਕਾਰਨ ਉੱਥੇ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਇਨ੍ਹਾਂ ਵਿੱਚ ਕਈ ਵਿਅਕਤੀ ਅਜਿਹੇ ਵੀ ਹਨ ਜੋ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਦਾਖ਼ਲ ਹੋਏ ਸਨ ਅਤੇ ਕਈ ਅਜਿਹੇ ਹਨ ਜੋ ਵਰਕ ਪਰਮਿਟ ਜਾਂ ਟੂਰਿਸਟ ਵੀਜ਼ਾ ’ਤੇ ਗਏ ਸਨ ਤੇ ਮਿਆਦ ਖ਼ਤਮ ਹੋਣ ਮਗਰੋਂ ਉਥੇ ਹੀ ਰੁਕ ਗਏ ਸਨ।

Share: