ਨਵੀਂ ਦਿੱਲੀ : ਕੌਮੀ ਰਾਜਧਾਨੀ ਵਿੱਚ ਨਵੀਂ ਬਣੀ ਭਾਜਪਾ ਸਰਕਾਰ ਅਧੀਨ ਅੱਜ ਤੋਂ ਸ਼ੁਰੂ ਹੋਏ ਦਿੱਲੀ ਵਿਧਾਨ ਸਭਾ ਦੇ ਪਹਿਲੇ ਇਜਲਾਸ ਦੇ ਪਹਿਲੇ ਹੀ ਦਿਨ ਅੱਜ ਕਾਬਜ਼ ਧਿਰ ਭਾਜਪਾ ਅਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਮੈਂਬਰਾਂ ਵਿਚਾਲੇ ਕਾਫੀ ਤਕਰਾਰ ਹੋਈ, ਜਿਸ ਕਾਰਨ ਸਦਨ ਦੀ ਕਾਰਵਾਈ ਕੁਝ ਸਮੇਂ ਲਈ ਮੁਲਤਵੀ ਕਰਨੀ ਪਈ। ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਚੁਣੀ ਗਈ ‘ਆਪ’ ਆਗੂ ਆਤਿਸ਼ੀ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਦਫ਼ਤਰ ’ਚੋਂ ਡਾ. ਬੀਆਰ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਹਨ। ‘ਆਪ’ ਵਿਧਾਇਕਾਂ ਨੇ ਇਸ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕਰਦਿਆਂ ਕਾਫੀ ਹੰਗਾਮਾ ਕੀਤਾ। ਦੂਜੇ ਪਾਸੇ ਭਾਜਪਾ ਮੈਂਬਰਾਂ ਨੇ ‘ਆਪ’ ਦੇ ਦੋਸ਼ਾਂ ਨੂੰ ਖਾਰਜ ਕੀਤਾ। ਸਦਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਆਤਿਸ਼ੀ ਨੇ ਭਾਜਪਾ ’ਤੇ ਦਲਿਤ ਤੇ ਸਿੱਖ ਵਿਰੋਧੀ ਹੋਣ ਦੇ ਦੋਸ਼ ਲਗਾਏ। ਸਪੀਕਰ ਵਿਜੇਂਦਰ ਗੁਪਤਾ ਨੇ ਨਾਅਰੇਬਾਜ਼ੀ ਕਰਨ ’ਤੇ ਕਿਹਾ, ‘‘ਵਿਰੋਧੀ ਧਿਰ ਗੈਰ-ਜ਼ਿੰਮੇਵਾਰੀ ਵਾਲਾ ਰਵੱਈਆ ਅਖ਼ਤਿਆਰ ਕਰ ਰਹੀ ਹੈ।
ਛੇ ਭਾਸ਼ਾਵਾਂ ’ਚ ਹਲਫ਼ ਲਿਆ
ਇੱਥੇ ਅੱਜ ਸ਼ੁਰੂ ਹੋਏ ਨਵੀਂ ਦਿੱਲੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਵਿਧਾਇਕਾਂ ਨੇ ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਉਰਦੂ ਅਤੇ ਪੰਜਾਬੀ ਸਮੇਤ ਛੇ ਭਾਸ਼ਾਵਾਂ ਵਿੱਚ ਸਹੁੰ ਚੁੱਕੀ। ਪਹਿਲਾਂ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਮਗਰੋਂ ਲੋਕ ਨਿਰਮਾਣ ਮੰਤਰੀ ਪਰਵੇਸ਼ ਸਾਹਿਬ ਸਿੰਘ ਵਰਮਾ ਤੇ ਗ੍ਰਹਿ ਮੰਤਰੀ ਆਸ਼ੀਸ਼ ਸੂਦ ਨੇ ਹਲਫ ਲਿਆ। ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਵਿਧਾਇਕ ਕਰਨੈਲ ਸਿੰਘ ਨੇ ਪੰਜਾਬੀ ਵਿੱਚ ਹਲਫ ਲਿਆ।