ਨਵੀਂ ਦਿੱਲੀ : ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਲੰਘੀ ਰਾਤ ਭਾਰੀ ਭੀੜ ਕਾਰਨ ਮਚੀ ਭਗਦੜ ’ਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਇਹ ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ। ਭਾਰਤੀ ਰੇਲਵੇ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਗੰਭੀਰ ਜ਼ਖਮੀਆਂ ਲਈ 2.5 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਲਈ 1 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਹੈ। ਦਿੱਲੀ ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ’ਚ 14 ਮਹਿਲਾਵਾਂ ਸ਼ਾਮਲ ਹਨ। ਇਸ ਦੌਰਾਨ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਨਵੀਂ ਦਿੱਲੀ ਸਟੇਸ਼ਨ ’ਤੇ ਸਥਿਤੀ ਕਾਬੂ ਹੇਠ ਹੈ। ਘਟਨਾ ਦੀ ਜਾਂਚ ਲਈ ਰੇਲਵੇ ਨੇ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।
ਭਗਦੜ ਦੀ ਘਟਨਾ ਦੀ ਮੁੱਢਲੀ ਜਾਂਚ ਦੌਰਾਨ ਪੁਲੀਸ ਨੂੰ ਇਹ ਪਤਾ ਲੱਗਾ ਹੈ ਕਿ ਮੁਸਾਫਰ ‘ਪ੍ਰਯਾਗਰਾਜ ਐਕਸਪ੍ਰੈੱਸ’ ਅਤੇ ‘ਪ੍ਰਯਾਗਰਾਜ ਸਪੈਸ਼ਲ’ ਵਿਚਾਲੇ ਭੰਬਲਭੂਸੇ ’ਚ ਪੈ ਗਏ ਸਨ ਅਤੇ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੀ ਰੇਲ ਗੱਡੀ ਛੁੱਟ ਸਕਦੀ ਹੈ। ਇਸ ਕਾਰਨ ਸਟੇਸ਼ਨ ’ਤੇ ਭਗਦੜ ਮਚ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਪ੍ਰਯਾਗਰਾਜ ਜਾਣ ਲਈ ਰੇਲ ਗੱਡੀਆਂ ’ਤੇ ਚੜ੍ਹਨ ਦੀ ਉਡੀਕ ਕਰ ਰਹੇ ਯਾਤਰੀਆਂ ਦੀ ਭੀੜ ਵਿੱਚ ਅਚਾਨਕ ਵਾਧਾ ਹੋਣ ਕਾਰਨ ਭਗਦੜ ਮਚ ਗਈ। ਪਲੇਟਫਾਰਮ 14 ਅਤੇ 15 ’ਤੇ ਯਾਤਰੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਦੇਖਿਆ ਗਿਆ। ਭਾਰੀ ਭੀੜ ਕਾਰਨ ਹਫੜਾ-ਦਫੜੀ ਮੱਚ ਗਈ, ਜਿਸ ਦੇ ਨਤੀਜੇ ਵਜੋਂ ਦਰਦਨਾਕ ਹਾਦਸਾ ਵਾਪਰ ਗਿਆ। ਦਿੱਲੀ ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੇ ਇੱਕ ਸੂਤਰ ਨੇ ਦੱਸਿਆ ਕਿ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਦੀ ਪੜਤਾਲ ਕੀਤੀ ਜਾ ਰਹੀ ਹੈ।
ਰੇਲਵੇ ਨੇ ਅੱਜ ਦੋ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਜੋ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਵਾਪਰੀ ਘਟਨਾ ਦੀ ਜਾਂਚ ਲਈ ਗਠਿਤ ਜਾਂਚ ਕਮੇਟੀ ਦਾ ਹਿੱਸਾ ਹੋਣਗੇ। ਉੱਤਰੀ ਰੇਲਵੇ ਦੇ ਪ੍ਰਮੁੱਖ ਮੁੱਖ ਵਪਾਰਕ ਪ੍ਰਬੰਧਕ ਨਰਸਿੰਘ ਦੇਵ ਅਤੇ ਉੱਤਰੀ ਰੇਲਵੇ ਦੇ ਪ੍ਰਮੁੱਖ ਮੁੱਖ ਸੁਰੱਖਿਆ ਕਮਿਸ਼ਨਰ ਪੰਕਜ ਗੰਗਵਾਰ ਕਮੇਟੀ ਦੇ ਮੈਂਬਰ ਹਨ।
ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐਕਸ ’ਤੇ ਇੱਕ ਪੋਸਟ ਵਿੱਚ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ, ‘ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ ਵਿੱਚ ਜਾਨੀ ਨੁਕਸਾਨ ਬਾਰੇ ਜਾਣ ਕੇ ਬਹੁਤ ਦੁਖੀ ਹਾਂ। ਮੈਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੀ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੀ ਹਾਂ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਐਕਸ ’ਤੇ ਕਿਹਾ, ‘ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ ਤੋਂ ਦੁਖੀ ਹਾਂ। ਮੇਰੀ ਹਮਦਰਦੀ ਉਨ੍ਹਾਂ ਸਾਰਿਆਂ ਨਾਲ ਹੈ ਜਿਨ੍ਹਾਂ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਅਧਿਕਾਰੀ ਉਨ੍ਹਾਂ ਸਾਰਿਆਂ ਦੀ ਮਦਦ ਕਰ ਰਹੇ ਹਨ ਜੋ ਇਸ ਭਗਦੜ ਤੋਂ ਪ੍ਰਭਾਵਿਤ ਹੋਏ ਹਨ।’ ਇਸੇ ਤਰ੍ਹਾਂ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੀ ਕਾਰਜਕਾਰੀ ਮੁੱਖ ਮੰਤਰੀ ਆਤਿਸ਼ੀ ਨੇ ਵੀ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਰੇਲ ਮੰਤਰਾਲੇ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹਾਦਸਾ: ਭਗਵੰਤ ਮਾਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰਨਾਂ ਵਜ਼ੀਰਾਂ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ ਦੌਰਾਨ ਯਾਤਰੀਆਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਰੇਲ ਮੰਤਰਾਲੇ ਦੀ ਲਾਪ੍ਰਵਾਹੀ ਕਰਕੇ ਵਾਪਰਿਆ ਹੈ, ਪਰ ਕੇਂਦਰ ਸਰਕਾਰ ਨੂੰ ਲੋਕਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਰੇਲ ਮੰਤਰਾਲੇ ਨੂੰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ। ਇਸੇ ਤਰ੍ਹਾਂ ਕੈਬਨਿਟ ਮੰਤਰੀ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਘਟਨਾ ’ਤੇ ਦੁੱਖ ਪ੍ਰਗਟਾਇਆ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਘਟਨਾ ਕੇਂਦਰ ਸਰਕਾਰ, ਰੇਲਵੇ ਤੇ ਯੂਪੀ ਸਰਕਾਰ ਦੀ ਨਾਕਾਮੀ ਕਰਕੇ ਵਾਪਰੀ ਹੈ।
ਕਾਂਗਰਸ ਵੱਲੋਂ ਰੇਲ ਮੰਤਰੀ ਤੋਂ ਅਸਤੀਫੇ ਦੀ ਮੰਗ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਮੰਗ ਕੀਤੀ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮਚੀ ਭਗਦੜ ਦੀ ਘਟਨਾ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਇੱਥੇ ਇੱਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਜੇ ਵੈਸ਼ਨਵ ਅਸਤੀਫਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਰੇਲਵੇ ਸਟੇਸ਼ਨ ’ਤੇ ‘ਮਾੜੇ ਪ੍ਰਬੰਧਨ’ ਲਈ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਅਧਿਕਾਰੀਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕਿੰਨੇ ਲੋਕ ਸਟੇਸ਼ਨ ਅੰਦਰ ਦਾਖਲ ਹੋ ਰਹੇ ਹਨ ਅਤੇ ਹਰ ਘੰਟੇ 1500 ਟਿਕਟ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ’ਤੇ ਇਕੱਠੀ ਹੋਈ ਭੀੜ ਦੇ ਪ੍ਰਬੰਧਨ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ ਪਰ ਉੱਥੇ ਕੋਈ ਸੁਰੱਖਿਆ ਬਲ ਮੌਜੂਦ ਨਹੀਂ ਸੀ। ਉਨ੍ਹਾਂ ਦੋਸ਼ ਲਾਇਆ ਕਿ ਇੱਥੇ ਦੋ ਹਿੰਦੁਸਤਾਨ ਹਨ ਜਿੱਥੇ ਇੱਕ ਪਾਸੇ ਰਾਜਾ ਆਪਣੇ ਦੋਸਤਾਂ ਨੂੰ ਕੁੰਭ ’ਚ ਇਸ਼ਨਾਨ ਕਰਾਉਂਦਾ ਹੈ ਤੇ ਦੂਜੇ ਪਾਸੇ ਆਮ ਲੋਕ ਰੇਲਵੇ ਸਟੇਸ਼ਨ ’ਤੇ ਮਰ ਰਹੇ ਹੁੰਦੇ ਹਨ। -ਪੀਟੀਆਈ
ਦਿੱਲੀ ਭਗਦੜ ਜਿਹੀਆਂ ਘਟਨਾਵਾਂ ਰੋਕਣ ਲਈ ਕਈ ਕਦਮ ਚੁੱਕੇ: ਰੇਲਵੇ
ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਵਾਪਰੀ ਭਗਦੜ ਦੀ ਘਟਨਾ ਤੋਂ ਇੱਕ ਦਿਨ ਬਾਅਦ ਅੱਜ ਰੇਲਵੇ ਨੇ ਕਿਹਾ ਕਿ ਭਵਿੱਖ ’ਚ ਅਜਿਹੀ ਕੋਈ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਕਈ ਉਪਾਅ ਲਾਗੂ ਕੀਤੇ ਗਏ ਹਨ। ਮੰਤਰਾਲੇ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ, ‘ਇਹ ਫ਼ੈਸਲਾ ਲਿਆ ਗਿਆ ਹੈ ਕਿ ਪ੍ਰਯਾਗਰਾਜ ਵੱਲ ਜਾਣ ਵਾਲੀਆਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਪਲੈਟਫਾਰਮ ਨੰਬਰ 16 ਤੋਂ ਚਲਾਈਆਂ ਜਾਣਗੀਆਂ। ਇਸ ਲਈ ਪ੍ਰਯਾਗਰਾਜ ਜਾਣ ਦੇ ਚਾਹਵਾਨ ਸਾਰੇ ਯਾਤਰੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਅਜਮੇਰੀ ਗੇਟ ਵੱਲੋਂ ਆਉਣਗੇ ਤੇ ਜਾਣਗੇ।’ ਇਸ ਵਿੱਚ ਕਿਹਾ ਗਿਆ ਹੈ ਕਿ ਬਾਕੀ ਰੋਜ਼ਾਨਾ ਵਾਲੀਆਂ ਰੇਲ ਗੱਡੀਆਂ ਆਮ ਵਾਂਗ ਸਾਰੇ ਪਲੈਟਫਾਰਮਾਂ ਤੋਂ ਚੱਲਣੀਆਂ ਜਾਰੀ ਰਹਿਣਗੀਆਂ। ਮੰਤਰਾਲੇ ਨੇ ਕਿਹਾ ਕਿ ਪਲੈਟਫਾਰਮਾਂ ’ਤੇ ਮੁਸਾਫ਼ਰਾਂ ਦੀ ਮਦਦ ਲਈ ਰੇਲਵੇ ਪੁਲੀਸ ਫੋਰਸ ਤੇ ਗਵਰਨਮੈਂਟ ਰੇਲਵੇ ਪੁਲੀਸ ਦੀ ਨਫਰੀ ਵਧਾਈ ਜਾਵੇਗੀ।