ਪੰਜਾਬ ‘ਚ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਪ੍ਰੋਜੈਕਟ ਨੂੰ ਝਟਕਾ, ਬਾਈਪਾਸ ਦਾ ਠੇਕਾ ਰੱਦ

ਪੰਜਾਬ ‘ਚ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਪ੍ਰੋਜੈਕਟ ਨੂੰ ਝਟਕਾ, ਬਾਈਪਾਸ ਦਾ ਠੇਕਾ ਰੱਦ

ਪੰਜਾਬ ਵਿਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਦੇ ਇੱਕ ਹੋਰ ਪ੍ਰੋਜੈਕਟ ਨੂੰ ਬ੍ਰੇਕ ਲੱਗ ਗਈ ਹੈ। ਤਰਨਤਾਰਨ ‘ਚ ਭਾਰਤ ਮਾਲਾ ਨਾਲ ਜੁੜੇ ਇਕ ਪ੍ਰੋਜੈਕਟ ਦਾ ਠੇਕਾ ਰੱਦ ਕਰ ਗਿਆ ਹੈ।ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ‘ਚੋਂ ਨਿਕਲਣ ਵਾਲੇ ਬਾਈਪਾਸ ਦੇ ਠੇਕਾ ਰੱਦ ਹੋ ਗਿਆ ਹੈ।

ਅੰਮ੍ਰਿਤਸਰ ਨੂੰ ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਨਾਲ ਜੋੜਨ ਵਾਲੇ ਬਾਈਪਾਸ ਦਾ ਕੰਮ ਰੁਕ ਗਿਆ ਹੈ। ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾਂ ਤੋਂ ਤਰਨਤਾਰਨ ਦੇ ਧੂੰਦਾ ਤੱਕ ਇਹ ਬਾਈਪਾਸ ਬਣਨਾ ਸੀ। ਬਾਈਪਾਸ ਸੀਗਲ ਕੰਪਨੀ ਵੱਲੋਂ ਬਣਾਇਆ ਜਾਣਾ ਸੀ। NHAI ਨੇ ਜ਼ਮੀਨ ਐਕਵਾਇਰ ਨਾ ਹੋਣ ਦਾ ਹਵਾਲਾ ਦਿੱਤਾ। ਇਸੇ ਆਧਾਰ ਉਤੇ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਹੈ। ਦਰਅਸਲ, ਦਿੱਲੀ ਅੰਮ੍ਰਿਤਸਰ ਕਟੜਾ ਨੈਸ਼ਨਲ ਹਾਈਵੇ ਦੇ ਚੱਲ ਰਹੇ ਕੰਮ ਦੌਰਾਨ ਅੰਮ੍ਰਿਤਸਰ ਅਤੇ ਤਰਨ ਤਾਰਨ ਵਿਚਾਲੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਕੰਮ ਕਰ ਰਹੀ ਇਕ ਕੰਪਨੀ ਨੂੰ ਦਿੱਤਾ ਗਿਆ ਠੇਕਾ ਰੱਦ ਕੀਤੇ ਜਾਣ ਕਾਰਨ ਇਸ ਕੰਮ ਵਿਚ ਖੜੋਤ ਆ ਗਈ ਹੈ ਅਤੇ ਇਸ ਦਾ ਪਰਛਾਵਾਂ ਪ੍ਰਾਜੈਕਟ ਉਤੇ ਪੈਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਨੇ ਬੀਤੇ ਦਿਨ ਸਬੰਧਤ ਕੰਪਨੀ ਨੂੰ ਇੱਕ ਪੱਤਰ ਭੇਜ ਕੇ ਇਹ ਇਕਰਾਰਨਾਮਾ ਖਤਮ ਕਰਨ ਬਾਰੇ ਸੂਚਿਤ ਕੀਤਾ ਹੈ। ਇਸ ਕੰਪਨੀ ਵੱਲੋਂ ਤਰਨ ਤਾਰਨ ਜ਼ਿਲ੍ਹੇ ਹੇਠ ਆਉਂਦੇ ਪਿੰਡ ਧੂੰਦਾ ਵਿਖੇ ਇਸ ਨੈਸ਼ਨਲ ਹਾਈਵੇ ਸਬੰਧੀ ਕੰਮ ਕੀਤਾ ਜਾ ਰਿਹਾ ਸੀ।ਇਸ ਪ੍ਰਾਜੈਕਟ ਤਹਿਤ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਧੂੰਦਾ ਤੋਂ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਾਨਾਵਾਲਾ ਤੱਕ ਮਾਰਗ ਦੀ ਉਸਾਰੀ ਹੋਣੀ ਹੈ, ਜਿਸ ਦਾ ਕੰਮ ਇਸ ਕੰਪਨੀ ਨੂੰ ਸੌਂਪਿਆ ਗਿਆ ਸੀ। ਹੁਣ ਕੁਝ ਤਕਨੀਕੀ ਕਾਰਨਾਂ ਕਰਕੇ ਇਸ ਕੰਪਨੀ ਕੋਲੋਂ ਉਸਾਰੀ ਸਬੰਧੀ ਕੰਮ ਦਾ ਠੇਕਾ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦੋਵਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਇਸ ਕੌਮੀ ਮਾਰਗ ਵਾਸਤੇ ਲੋੜੀਂਦੀ ਜ਼ਮੀਨ ਪ੍ਰਾਪਤ ਨਾ ਹੋਣ ਸਬੰਧੀ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਠੇਕਾ ਰੱਦ ਹੋਣ ਦੇ ਹੋਰ ਕਾਰਨ ਹਨ।

ਇਧਰ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਭਾਰਤ ਮਾਲਾ ਪ੍ਰਾਜੈਕਟ ਅਧੀਨ ਅੰਮ੍ਰਿਤਸਰ ਨਾਲ ਕੌਮੀ ਸ਼ਾਹਮਾਰਗ ਨੂੰ ਜੋੜਨ ਦਾ ਪ੍ਰੋਜੈਕਟ ਸੀਗਲ ਇੰਡੀਆ ਲਿਮਟਿਡ ਕੰਪਨੀ ਅਤੇ ਕ੍ਰਿਸ਼ਨਾ ਕੰਸਟਰੰਕਸ਼ਨ ਨੂੰ ਸੌਂਪਿਆ ਗਿਆ ਸੀ ਜੋ ਹੁਣ ਰੱਦ ਕਰ ਦਿੱਤਾ ਹੈ। ਔਜਲਾ ਨੇ ਕਿਹਾ ਕਿ ਉਹ ਪਹਿਲਾਂ ਵੀ ਸੂਬਾ ਸਰਕਾਰ ਨੂੰ ਇਸ ਮਾਮਲੇ ਵੱਲ ਵਧੇਰੇ ਧਿਆਨ ਦੇਣ ਬਾਰੇ ਸੂਚਿਤ ਕਰ ਚੁੱਕੇ ਹਨ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਨਵੰਬਰ 2023 ਵਿੱਚ ਜਦੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਚੱਲ ਰਹੇ ਕੰਮ ਦੀ ਸਮੀਖਿਆ ਲਈ ਦੌਰਾ ਕੀਤਾ ਸੀ ਤਾਂ ਉਸ ਵੇਲੇ ਵੀ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਸ ਪ੍ਰੋਜੈਕਟ ਦਾ ਕੰਮ ਸੁਚਾਰੂ ਢੰਗ ਨਾਲ ਨਹੀਂ ਚੱਲ ਰਿਹਾ ਹੈ ਤੇ ਲੋੜੀਦੀ ਜ਼ਮੀਨ ਅਜੇ ਤੱਕ ਐਕੁਆਇਰ ਨਹੀਂ ਕੀਤੀ ਗਈ।

Share: