ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬਾ ਵਾਸੀਆਂ ਨੂੰ ਗੁਰੂ ਰਵਿਦਾਸ ਦੇ 648ਵੇਂ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਵਧਾਈ ਦਿੱਤੀ ਹੈ। ਸ੍ਰੀ ਮਾਨ ਨੇ ਕਿਹਾ ਕਿ ਗੁਰੂ ਰਵਿਦਾਸ ਨੇ ਆਪਣੇ ਜੀਵਨ ਤੇ ਫਲਸਫੇ ਰਾਹੀਂ ਮਨੁੱਖਤਾ ਨੂੰ ਪਿਆਰ, ਸਹਿਣਸ਼ੀਲਤਾ, ਭਾਈਚਾਰਕ ਸਾਂਝ ਅਤੇ ਇਕਜੁਟਤਾ ਦਾ ਸੰਦੇਸ਼ ਦਿੱਤਾ ਹੈ ਅਤੇ ਜਾਤ-ਪਾਤ ਵਰਗੀ ਅਲਾਮਤ ਨੂੰ ਜੜ੍ਹੋਂ ਪੁੱਟਣ ਅਤੇ ਸਮਾਜ ਵਿਚ ਬਰਾਬਰਤਾ ਲਿਆਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਜੀ ਦੇ ਵਿਖਾਏ ਮਾਰਗ ’ਤੇ ਚੱਲਣ ਅਤੇ ਗਰੀਬਾਂ ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅੱਗੇ ਆਉਣ। ਉਨ੍ਹਾਂ ਲੋਕਾਂ ਨੂੰ ਜਾਤ-ਪਾਤ, ਨਸਲ, ਰੰਗ, ਭੇਦ ਅਤੇ ਧਰਮ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਗੁਰੂ ਰਵਿਦਾਸ ਦੇ ਪ੍ਰਕਾਸ਼ ਉਤਸਵ ਨੂੰ ਮਿਲ ਜੁਲ ਕੇ ਮਨਾਉਣ ਦਾ ਸੁਨੇਹਾ ਦਿੱਤਾ।