ਚੰਦਭਾਨ ਹਿੰਸਾ: ਵਿਧਾਇਕ ਅਮੋਲਕ ਸਿੰਘ ’ਤੇ ਲੱਗੇ ਗੰਭੀਰ ਦੋਸ਼

ਚੰਦਭਾਨ ਹਿੰਸਾ: ਵਿਧਾਇਕ ਅਮੋਲਕ ਸਿੰਘ ’ਤੇ ਲੱਗੇ ਗੰਭੀਰ ਦੋਸ਼

ਜੈਤੋ, 12 ਫਰਵਰੀ

ਚੰਦਭਾਨ ਹਿੰਸਾ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇੱਥੇ ਪ੍ਰੈੱਸ ਕਾਨਫਰੰਸ ’ਚ ਕਮਲਪ੍ਰੀਤ ਕੌਰ ਬਰਾੜ ਨੇ ਕਿਹਾ ਕਿ ਇਹ ਕੋਈ ਅਜਿਹਾ ਮਸਲਾ ਨਹੀਂ ਸੀ, ਜੋ ਸੁਲਝਾਇਆ ਨਹੀਂ ਸੀ ਜਾ ਸਕਦਾ। ਇਸ ਦੇ ਓਹਲੇ ਸਰਪੰਚ ਦੇ ਪਤੀ ਕੁਲਦੀਪ ਸਿੰਘ ਅਤੇ ਵਿਧਾਇਕ ਅਮਲੋਕ ਸਿੰਘ ਦੀ ਉਨ੍ਹਾਂ ਦੇ ਪਰਿਵਾਰ ਨੂੰ ਫਸਾਉਣ ਦੀ ਸਾਜ਼ਿਸ਼ ਸੀ। ਕਮਲਪ੍ਰੀਤ ਕੌਰ ਚੰਦਭਾਨ ਘਟਨਾ ਨਾਲ ਸਬੰਧਤ ਪੁਲੀਸ ਕੇਸ ’ਚ ਸ਼ਾਮਲ ਹਰਵਿੰਦਰ ਸਿੰਘ ਬਰਾੜ ਦੀ ਪਤਨੀ ਅਤੇ ਬਲਾਕ ਸਮਿਤੀ ਦੇ ਸਾਬਕਾ ਵਾਈਸ ਚੇਅਰਪਰਸਨ ਤੋਂ ਇਲਾਵਾ ਗਮਦੂਰ ਸਿੰਘ ਪੱਪੂ ਦੀ ਭਰਜਾਈ ਹੈ। ਕਮਲਪ੍ਰੀਤ ਕੌਰ ਨੇ ਕਿਹਾ ਕਿ ਵਿਰੋਧੀਆਂ ਵੱਲੋਂ ‘ਧਨਾਢ’ ਅਤੇ ‘ਵਿਧਾਇਕ ਨਾਲ ਮਿਲੇ ਹੋਏ’ ਕਹਿ ਕੇ ਉਨ੍ਹਾਂ ਦੇ ਪਰਿਵਾਰ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਆਮ ਆਦਮੀ ਪਾਰਟੀ ਵਿੱਚ ਹੁੰਦੇ ਤਾਂ ਉਨ੍ਹਾਂ ’ਤੇ ਨਾ ਤਾਂ ਪਰਚੇ ਪਾਏ ਜਾਂਦੇ ਅਤੇ ਨਾ ਹੀ ਪਰਿਵਾਰ ਦੇ ਪੁਰਸ਼ ਮੈਂਬਰਾਂ ਨੂੰ ਘਰ ਛੱਡ ਕੇ ਭੱਜਣਾ ਪੈਂਦਾ। ਉਨ੍ਹਾਂ ਟੀਵੀ ਚੈਨਲ ਦੇ ਹਵਾਲਾ ਨਾਲ ਕਿਹਾ ਕਿ ਖੁਦ ਵਿਧਾਇਕ ਇੰਟਰਵਿਊ ’ਚ ਬਿਆਨ ਦੇ ਰਿਹਾ ਹੈ ਕਿ ਕੁਲਦੀਪ ਸਿੰਘ, ਉਸ ਦੀ ਪਾਰਟੀ ’ਚ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਕਾਂਗਰਸ ਨਾਲ ਸਬੰਧਤ ਹੈ ਅਤੇ ‘ਆਪ’ ਵਿਧਾਇਕ ਅਮੋਲਕ ਸਿੰਘ ਨਾਲ ਕੋਈ ਸਬੰਧ ਨਹੀਂ।

ਇਸ ਦੌਰਾਨ ਕਮਲਪ੍ਰੀਤ ਕੌਰ ਨੇ ਦੱਸਿਆ, ‘‘5 ਫਰਵਰੀ ਦੀ ਸ਼ਾਮ ਨੂੰ ਕੁਲਦੀਪ ਸਿੰਘ ਸਣੇ ਦੋ-ਤਿੰਨ ਸੌ ਵਿਅਕਤੀਆਂ ਦੇ ਹਜੂਮ ਨੇ ਸਾਡੇ ਘਰ ਨੂੰ ਘੇਰਿਆ, ਤਾਂ ਮੌਕੇ ’ਤੇ ਹਾਜ਼ਰ ਪੁਲੀਸ ਨੇ ਚੌਕਸ ਕਰਦਿਆਂ ਕਿਹਾ ਕਿ ਤੁਹਾਡੇ ਘਰ ’ਤੇ ਹਮਲਾ ਹੋ ਸਕਦਾ ਹੈ। ਉਨ੍ਹਾਂ ਅੱਗੇ ਸਵਾਲ ਕੀਤਾ ਕਿ ਕੌਣ ਚਾਹੇਗਾ ਕਿ ਸਾਰਾ ਪਰਿਵਾਰ ਖਤਮ ਹੋ ਜਾਵੇ? ਇਸੇ ਲਈ ਪਰਿਵਾਰ ਦੇ ਮਰਦ ਮੈਂਬਰ ਨੇ ਲਾਇਸੈਂਸੀ ਹਥਿਆਰ ਨਾਲ ਇੱਕ ਫਾਇਰ ਕੀਤਾ ਸੀ।’’ ਕੁਝ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਰਿਵਾਰ ਨੂੰ ਨਿਸ਼ਾਨਾ ਬਣਾਉਣ ’ਤੇ ਕਮਲਪ੍ਰੀਤ ਨੇ ਕਿਹਾ ਕਿ ਜਥੇਬੰਦੀਆਂ ਸਿਰਫ ਇਕ ਧਿਰ ਦੀ ਹੀ ਨਾ ਸੁਣਨ, ਉਹ ਆ ਕੇ ਉਨ੍ਹਾਂ ਦਾ ਪੱਖ ਵੀ ਜ਼ਰੂਰ ਸੁਣਨ।

ਜਾਂਚ ’ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ: ਵਿਧਾਇਕ

ਹਲਕਾ ਵਿਧਾਇਕ ਅਮੋਲਕ ਸਿੰਘ ਨੇ ਕਿਹਾ, ‘ਜਦੋਂ ਦੋਵੇਂ ਧਿਰਾਂ ਹੀ ਮੇਰੇ ’ਤੇ ਦੋਸ਼ ਲਾ ਰਹੀਆਂ ਨੇ, ਤਾਂ ਹੁਣ ਤੁਸੀਂ ਦੇਖ ਲਓ ਕਿ ਮੈਂ ਕੀਹਦੇ ਨਾਲ ਹਾਂ?’ ਉਨ੍ਹਾਂ ਨਾਲ ਹੀ ਕਿਹਾ ਕਿ ਪੁਲੀਸ ਵੱਲੋਂ ਜਾਰੀ ਜਾਂਚ ’ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਕੁਲਦੀਪ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ

ਕੁਲਦੀਪ ਸਿੰਘ ਨੇ ਵਿਵਾਦ ਦੀ ਜੜ੍ਹ ਬਿਆਨਦਿਆਂ ਕਿਹਾ ਕਿ ਪੰਚਾਇਤ ਛੱਪੜ ਨੂੰ ਜਾਂਦੀ ਸਾਫ਼ ਪਾਣੀ ਵਾਲੀ ਨਾਲੀ ’ਚ ਗੰਦੇ ਪਾਣੀ ਦੇ ਵਹਾਅ ਨੂੰ ਰੋਕਣਾ ਚਾਹੁੰਦੀ ਸੀ ਪਰ ਗਮਦੂਰ ਸਿੰਘ ਉਸ ਪਾਣੀ ਨੂੰ ਵਗਦਾ ਰੱਖਣ ਲਈ ਬਜ਼ਿੱਦ ਸੀ। ਉਨ੍ਹਾਂ ਗਮਦੂਰ ਸਿੰਘ ਦੇ ਘਰ ’ਤੇ ਹਮਲੇ ਦੇ ਦੋਸ਼ਾਂ ਨੂੰ ਵੀ ‘ਗ਼ਲਤ’ ਅਤੇ ‘ਬੇਬੁਨਿਆਦ’ ਕਹਿ ਕੇ ਨਕਾਰਿਆ। ਅਮੋਲਕ ਸਿੰਘ ਨਾਲ ਮਿਲ ਕੇ ‘ਸਾਜ਼ਿਸ਼’ ਰਚਣ ਦੇ ਇਲਜ਼ਾਮ ਉਨ੍ਹਾਂ ਇਹ ਆਖ ਕੇ ਰੱਦ ਕੀਤੇ ਕਿ ਕਿਸੇ ਵੀ ਵਿਧਾਇਕ ਜਾਂ ਪਾਰਟੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਕਿਉਂ ਕਿ ਉਨ੍ਹਾਂ ਦੀ ਪਤਨੀ ਨੇ ਆਜ਼ਾਦਾਨਾ ਤੌਰ ’ਤੇ ਸਰਪੰਚ ਦੀ ਚੋਣ ਜਿੱਤੀ ਸੀ।

Share: