ਬਰਲਿਨ : ਜਰਮਨੀ ਦੇ ਮਿਊਨਿਖ ਸ਼ਹਿਰ ਵਿੱਚ ਇਕ ਕਾਰ ਚਾਲਕ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਭੀੜ ’ਚ ਵਾਹਨ ਵਾੜੇ ਜਾਣ ਦੀ ਘਟਨਾ ਵਿੱਚ ਬੱਚਿਆਂ ਸਣੇ ਘੱਟੋ-ਘੱਟ 28 ਵਿਅਕਤੀ ਜ਼ਖ਼ਮੀ ਹੋ ਗਏ। ਉੱਧਰ, ਬਵੇਰੀਆ ਦੇ ਗਵਰਨਰ ਮਾਰਕਸ ਸੋਡਰ ਨੇ ਕਿਹਾ ਕਿ ਇਹ ਘਟਨਾ ਇਕ ਹਮਲਾ ਲੱਗਦੀ ਹੈ।
ਪੁਲੀਸ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਵਿਅਕਤੀ 24 ਸਾਲਾ ਅਫਗਾਨੀ ਸ਼ਰਨਾਰਥੀ ਹੈ। ਅਧਿਕਾਰੀਆਂ ਨੇ ਮਿਊਨਿਖ ਸ਼ਹਿਰ ਨੇੜੇ ਸਵੇਰੇ ਕਰੀਬ 10.30 ਵਜੇ ਵਾਪਰੀ ਇਸ ਘਟਨਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਨਹੀਂ ਦਿੱਤੀ। ਪੁਲੀਸ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਦੱਸਿਆ ਕਿ ਇਸ ਘਟਨਾ ਵਿੱਚ ਚਾਲਕ ਨੂੰ ਮੌਕੇ ’ਤੇ ਹੀ ਫੜ ਲਿਆ ਗਿਆ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ।
ਘਟਨਾ ਸਮੇਂ ‘ਸਰਵਿਸ ਵਰਕਰਜ਼ ਯੂਨੀਅਨ’ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਜ਼ਖ਼ਮੀਆਂ ਵਿੱਚ ਪ੍ਰਦਰਸ਼ਨਕਾਰੀ ਵੀ ਸ਼ਾਮਲ ਹਨ ਜਾਂ ਨਹੀਂ। ਘਟਨਾ ਸਥਾਨ ’ਤੇ ਨੁਕਸਾਨੀ ਹੋਈ ਕਾਰ ਨੂੰ ਦੇਖਿਆ ਜਾ ਸਕਦਾ ਸੀ। ਉਪ ਪੁਲੀਸ ਮੁਖੀ ਕ੍ਰਿਸਟੀਅਨ ਹੁੂਬਰ ਨੇ ਕਿਹਾ ਕਿ ਅਧਿਕਾਰੀਆਂ ਨੇ ਕਾਰ ’ਤੇ ਗੋਲੀ ਚਲਾਉਣ ਮਗਰੋਂ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਘੱਟੋ-ਘੱਟ 28 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।