ਮੁੰਬਈ : ਪੁਣੇ ਪੁਲੀਸ ਨੇ ਵੀਰਵਾਰ ਨੂੰ ਇੱਥੇ ਸਵਾਰਗੇਟ ਬੱਸ ਅੱਡੇ ’ਤੇ ਖੜ੍ਹੀ ਇਕ ਬੱਸ ਵਿਚ 26 ਸਾਲਾ ਔਰਤ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕਰਨ ਵਾਲੇ ਹਿਸਟਰੀਸ਼ੀਟਰ ਬਾਰੇ ਜਾਣਕਾਰੀ ਦੇਣ ’ਤੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ 13 ਪੁਲੀਸ ਟੀਮਾਂ ਦੋਸ਼ੀ ਦੱਤਾਤ੍ਰੇਅ ਰਾਮਦਾਸ ਗਾਡੇ (37) ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ।
ਪੁਣੇ ਦੇ ਪੁਲੀਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਪੀਟੀਆਈ ਨੂੰ ਦੱਸਿਆ ਕਿ ਉਸ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਗਾਡੇ ਦੇ ਖ਼ਿਲਾਫ਼ ਪੁਣੇ ਅਤੇ ਨਾਲ ਲੱਗਦੇ ਅਹਿਲਿਆਨਗਰ ਜ਼ਿਲ੍ਹੇ ਵਿਚ ਚੋਰੀ, ਡਕੈਤੀ ਅਤੇ ਚੈਨੀ ਖੋਹਣ ਦੇ ਅੱਧੀ ਦਰਜਨ ਮਾਮਲੇ ਦਰਜ ਹਨ, ਉਹ ਇਕ ਅਪਰਾਧ ਵਿਚ 2019 ਤੋਂ ਜ਼ਮਾਨਤ ’ਤੇ ਰਿਹਾਅ ਚੱਲ ਰਿਹਾ ਸੀ।
ਪੀੜਤ ਔਰਤ ਦੇ ਅਨੁਸਾਰ ਜਦੋਂ ਉਹ ਮੰਗਲਵਾਰ ਸਵੇਰੇ 5.45 ਵਜੇ ਦੇ ਕਰੀਬ ਇੱਕ ਪਲੇਟਫਾਰਮ ’ਤੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਇੱਕ ਵਿਅਕਤੀ ਕੋਲ ਆਇਆ ਅਤੇ ਉਸ ਨੂੰ ਦੀਦੀ (ਭੈਣ) ਕਹਿ ਕੇ ਗੱਲਬਾਤ ਵਿੱਚ ਸ਼ੁਰੂ ਕੀਤੀ ਅਤੇ ਕਿਹਾ ਕਿ ਸਤਾਰਾ ਲਈ ਬੱਸ ਦੂਜੇ ਪਲੇਟਫਾਰਮ ’ਤੇ ਆ ਗਈ ਹੈ। ਉਹ ਉਸ ਨੂੰ ਇੱਕ ਖਾਲੀ ‘ਸ਼ਿਵਸ਼ਾਹੀ’ ਏਸੀ ਬੱਸ ਵਿੱਚ ਲੈ ਗਿਆ ਜੋ ਅੱਡੇ ਵਿੱਚ ਕਿਤੇ ਹੋਰ ਖੜ੍ਹੀ ਸੀ।
ਉਸ ਨੇ ਦੱਸਿਆ ਕਿ ਬੱਸ ਅੰਦਰ ਲਾਈਟ ਨਾ ਹੋਣ ਕਾਰਨ ਉਹ ਪਹਿਲਾਂ ਤਾਂ ਅੰਦਰ ਜਾਣ ਤੋਂ ਝਿਜਕਦੀ ਰਹੀ, ਪਰ ਆਦਮੀ ਨੇ ਉਸ ਨੂੰ ਯਕੀਨ ਦਿਵਾਇਆ ਕਿ ਇਹ ਸਹੀ ਵਾਹਨ ਸੀ। ਮੈਡੀਕਲ ਖੇਤਰ ’ਚ ਕੰਮ ਕਰਨ ਵਾਲੀ ਔਰਤ ਨੇ ਪੁਲੀਸ ਨੂੰ ਦੱਸਿਆ ਕਿ ਫਿਰ ਉਸਨੇ ਬੱਸ ਅੰਦਰ ਉਸ ਦਾ ਪਿੱਛਾ ਕੀਤਾ ਅਤੇ ਭੱਜਣ ਤੋਂ ਪਹਿਲਾਂ ਉਸ ਨਾਲ ਜਬਰ ਜਨਾਹ ਕੀਤਾ। ਸ਼ਹਿਰ ਵਿਚ ਵਾਪਰੀ ਇਸ ਹੈਰਾਨ ਕਰਨ ਵਾਲੀ ਘਟਨਾ ਨੇ ਹੰਗਾਮਾ ਮਚਾ ਦਿੱਤਾ ਹੈ, ਵਿਰੋਧੀ ਧਿਰ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਦੀ ਆਲੋਚਨਾ ਕੀਤੀ ਹੈ।