ਨਵੀਂ ਦਿੱਲੀ : ਬੀਐੱਸਐੱਫ ਨੇ ਘੁਸਪੈਠ ਰੋਕੂ ਤੰਤਰ ਨੂੰ ਮਜ਼ਬੂਤ ਕਰਨ ਅਤੇ ਡਰੋਨਾਂ ਰਾਹੀਂ ਗੋਲਾ ਬਾਰੂਦ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੇ ਆਪਣੇ ਉਪਰਾਲਿਆਂ ਤਹਿਤ ਪੰਜਾਬ ਤੇ ਜੰਮੂ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੀਆਂ ਚੌਕੀਆਂ ’ਤੇ ਵਾਧੂ ਜਵਾਨ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਸੂਤਰਾਂ ਨੇ ਖਬਰ ਏਜੰਸੀ ਨੂੰ ਦੱਸਿਆ ਕਿ ਚੰਡੀਗੜ੍ਹ ਸਥਿਤ ਬੀਐੱਸਐੱਫ ਦੀ ਪੱਛਮੀ ਕਮਾਂਡ ਨੇ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਮੋਰਚਿਆਂ ਦੇ ਨਾਲ-ਨਾਲ ਨੌਂ ‘ਰਣਨੀਤਕ’ ਹੈੱਡਕੁਆਰਟਰ ਸਥਾਪਤ ਕਰਨ ਦੇ ਹੁਕਮ ਵੀ ਦਿੱਤੇ ਹਨ, ਜਿੱਥੇ ਵੱਧ ਤੋਂ ਵੱਧ ਖ਼ੁਫ਼ੀਆ ਜਾਣਕਾਰੀ ਅਤੇ ਸੰਚਾਲਨ ਸਮੱਗਰੀ ਨੂੰ ਇੱਕ ਨਵੇਂ ਬਣਾਏ ਕੰਟਰੋਲ ਰੂਮ ਦੀ ਨਿਗਰਾਨੀ ਹੇਠ ਇਥੇ ‘ਤਬਦੀਲ’ ਕੀਤਾ ਜਾ ਰਿਹਾ ਹੈ।
ਇੱਕ ਰਣਨੀਤਕ ਜਾਂ ‘ਟੈਕ ਹੈੱਡਕੁਆਰਟਰ’ ਮੋਹਰੀ ਬੇਸ ਹੁੰਦਾ ਹੈ ਜੋ ਸਰਹੱਦ ਦੇ ਨੇੜੇ, ਸਰਹੱਦੀ ਚੌਕੀ ਦੇ ਨਜ਼ਦੀਕ ਅਤੇ ਪਿਛਲੇ ਪਾਸੇ ਬਟਾਲੀਅਨ ਬੇਸ ਤੋਂ ਅੱਗੇ ਹੁੰਦਾ ਹੈ। ਸੂਤਰਾਂ ਅਨੁਸਾਰ ‘ਟੈਕ ਹੈੱਡਕੁਆਰਟਰ’ ਵਿੱਚ ਸਾਰੇ ਵਰਟੀਕਲਾਂ ਤੋਂ ਇੱਕ ਸੀਨੀਅਰ ਕਮਾਂਡਰ ਦੀ ਮੌਜੂਦਗੀ ਸਣੇ ਬਟਾਲੀਅਨ ਦਾ ਕਮਾਂਡਿੰਗ ਅਫਸਰ (ਸੀਓ) ਵੀ ਸ਼ਾਮਲ ਹੋਵੇਗਾ ਜਿਸ ਦੀ ਯੂਨਿਟ ਇਨ੍ਹਾਂ ਕਮਜ਼ੋਰ ਸਰਹੱਦੀ ਚੌਕੀਆਂ ’ਤੇ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਬਟਾਲੀਅਨ ਹੈੱਡਕੁਆਰਟਰ ਤੋਂ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਸਰਹੱਦੀ ਸੁਰੱਖਿਆ ਯੂਨਿਟਾਂ ਨੂੰ ਤਬਦੀਲ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਦੇ ‘ਵੱਧ ਤੋਂ ਵੱਧ’ ਜਵਾਨ ਜੁਟਾਉਣ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਹੱਦੀ ਖੇਤਰਾਂ ਦੀ ‘ਸੰਵੇਦਨਸ਼ੀਲਤਾ ਅਤੇ ਲਗਾਤਾਰ ਖ਼ਤਰੇ’ ਦੇ ਮੱਦੇਨਜ਼ਰ ਪਿਛਲੇ ਹਫ਼ਤੇ ਇਹ ਕਦਮ ਚੁੱਕਿਆ ਗਿਆ ਸੀ।