ਜਨਮ ਦਿਹਾੜਾ ਮਨਾਉਣ ਲਈ ਸੰਗਤ ਨੇ ਬੇਗਮਪੁਰਾ ਨੂੰ ਚਾਲੇ ਪਾਏ

ਜਨਮ ਦਿਹਾੜਾ ਮਨਾਉਣ ਲਈ ਸੰਗਤ ਨੇ ਬੇਗਮਪੁਰਾ ਨੂੰ ਚਾਲੇ ਪਾਏ

ਜਲੰਧਰ : ਗੁਰੂ ਰਵਿਦਾਸ ਦਾ ਜਨਮ ਦਿਹਾੜਾ ਜਨਮ ਅਸਥਾਨ ਕਾਸ਼ੀ ਵਿਖੇ ਮਨਾਉਣ ਲਈ ਸੰਗਤ ਇੱਥੋਂ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਬੇਗ਼ਮਪੁਰਾ ਐਕਸਪ੍ਰੈੱਸ ਰਾਹੀਂ ਰਵਾਨਾ ਹੋਈ। ਇਸ ਰੇਲ ਗੱਡੀ ਰਾਹੀਂ ਬਨਾਰਸ ਦੇ ਕਾਸ਼ੀ ਜਾਣ ਵਾਲੇ ਸ਼ਰਧਾਲੂ ਸਵੇਰ ਤੋਂ ਹੀ ਰੇਲਵੇ ਸਟੇਸ਼ਨ ਦੇ ਬਾਹਰ ਪਹੁੰਚਣੇ ਸ਼ੁਰੂ ਹੋ ਗਏ ਸਨ। ਸਟੇਸ਼ਨ ਦੇ ਬਾਹਰ ਅਤੇ ਅੰਦਰ ਗੁਰੂ ਰਵਿਦਾਸ ਦੇ ਸ਼ਰਧਾਲੂ ਧਾਰਮਿਕ ਤੇ ਮਿਸ਼ਨਰੀ ਗੀਤਾਂ ਦੀਆਂ ਧੁਨਾਂ ’ਤੇ ਝੂਮ ਕੇ ਗੁਰੂ ਰਵਿਦਾਸ ਦੀ ਮਹਿਮਾ ਗਾ ਰਹੇ ਸਨ। ਸ਼ਰਧਾਲੂਆਂ ਲਈ ਰੇਲ ਗੱਡੀ ਦੀਆਂ 24 ਬੋਗੀਆਂ ਬੁੱਕ ਕੀਤੀਆਂ ਗਈਆਂ ਹਨ। ਅੱਜ ਸਿਟੀ ਰੇਲਵੇ ਸਟੇਸ਼ਨ ’ਤੇ ਤਿਉਹਾਰ ਵਰਗਾ ਮਾਹੌਲ ਸੀ ਜਿੱਥੇ ਸਟੇਸ਼ਨ ਦੇ ਬਾਹਰ ਟੈਂਟ ਲਗਾ ਕੇ ਸੰਗਤ ਨੂੰ ਅਧਿਆਤਮਕ ਪ੍ਰਵਚਨਾਂ ਨਾਲ ਨਿਹਾਲ ਕੀਤਾ ਗਿਆ। ਇਸ ਦੌਰਾਨ ਸਟੇਸ਼ਨ ’ਤੇ ਵੱਡੀ ਗਿਣਤੀ ’ਤੇ ਪੁੱਜੇ ਸ਼ਰਧਾਲੂਆਂ ਲਈ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇੱਥੇ ਭੀੜ ਹੋਣ ਕਾਰਨ ਬਜ਼ੁਰਗਾਂ, ਬੱਚਿਆਂ ਤੇ ਅਪਾਹਜ ਵਿਅਕਤੀਆਂ ਲਈ ਵੀ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ।

ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਤੇ ਚੇਅਰਮੈਨ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ ਯੂਪੀ ਸੰਤ ਨਿਰੰਜਨ ਦਾਸ ਸਮਾਗਮਾਂ ’ਚ ਸ਼ਿਰਕਤ ਕਰਨਗੇ। ਸੰਗਤ ਦੀ ਸੁਰੱਖਿਆ ਲਈ ਜੀਆਰਪੀ ਅਤੇ ਆਰਪੀਐੱਫ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਸ਼ਰਧਾਲੂਆਂ ਨੂੰ ਲੈ ਕੇ ਰੇਲ ਗੱਡੀ ਅੱਜ ਜਲੰਧਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਤੇ 10 ਫਰਵਰੀ ਨੂੰ ਇਹ ਰੇਲ ਗੱਡੀ ਬਨਾਰਸ ਪਹੁੰਚੇਗੀ। ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਰੇਲਗੱਡੀ 13 ਫਰਵਰੀ ਨੂੰ ਬੇਗਮਪੁਰਾ ਤੋਂ ਮੁੜ ਰਵਾਨਾ ਹੋਵੇਗੀ ਤੇ 14 ਫਰਵਰੀ ਨੂੰ ਜਲੰਧਰ ਰੇਲਵੇ ਸਟੇਸ਼ਨ ਪਹੁੰਚੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਹਰੇਕ ਬੋਗੀ ਵਿੱਚ ਅੱਧੀ ਦਰਜਨ ਸੇਵਾਦਾਰ ਤਾਇਨਾਤ ਸਨ ਜੋ ਸ਼ਰਧਾਲੂਆਂ ਦੀ ਸਹਾਇਤਾ ਕਰਨਗੇ।

 

Share: