ਭਾਗਲਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕਰਕੇ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਮੋਦੀ ਨੇ ਕਿਸਾਨਾਂ ਦੀ ਸਹਾਇਤਾ ਲਈ ਉਨ੍ਹਾਂ ਦੇ ਖਾਤਿਆਂ ’ਚ 19ਵੀਂ ਕਿਸ਼ਤ ਤਬਦੀਲ ਕਰਦਿਆਂ ਰੈਲੀ ਨੂੰ ਸੰਬੋਧਨ ਕੀਤਾ, ਜਿਸ ’ਚ ਉਨ੍ਹਾਂ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਸਮੇਤ ਕਾਂਗਰਸ ਨੂੰ ਵੀ ਘੇਰਿਆ। ਲਾਲੂ ਪ੍ਰਸਾਦ ’ਤੇ ਤਿੱਖਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਬਿਹਾਰ ’ਚ ਆਪਣੀ ਸਰਕਾਰ ਸਮੇਂ ਜੰਗਲ ਰਾਜ ਲਿਆਂਦਾ ਸੀ ਅਤੇ ਪਸ਼ੂਆਂ ਦਾ ਚਾਰਾ ਚੋਰੀ ਕਰ ਲਿਆ ਸੀ, ਉਹ ਹੁਣ ਪ੍ਰਯਾਗਰਾਜ ’ਚ ਚੱਲ ਰਹੇ ਮਹਾਂਕੁੰਭ ਬਾਰੇ ‘ਭੱਦੀਆਂ’ ਟਿੱਪਣੀਆਂ ਕਰ ਰਹੇ ਹਨ।
ਭਾਗਲਪੁਰ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪਾਰਟੀ ਜਾਂ ਸਾਬਕਾ ਮੁੱਖ ਮੰਤਰੀ ਦਾ ਨਾਮ ਲਏ ਬਿਨਾਂ ਇਹ ਵੀ ਦੋਸ਼ ਲਾਇਆ ਕਿ ਜੰਗਲ ਰਾਜ ਚਲਾਉਣ ਵਾਲੇ ਵਿਰਸੇ ਅਤੇ ਆਸਥਾ ਨੂੰ ਵੀ ਨਫ਼ਰਤ ਕਰਦੇ ਹਨ। ਮੋਦੀ ਨੇ ਕਿਹਾ, ‘‘ਪ੍ਰਯਾਗਰਾਜ ’ਚ ਮਹਾਂਕੁੰਭ ਭਾਰਤ ਦੀ ਏਕਤਾ ਦਾ ਸਭ ਤੋਂ ਵੱਡਾ ਜਸ਼ਨ ਹੈ। ਪਵਿੱਤਰ ਡੁਬਕੀ ਲਗਾਉਣ ਵਾਲਿਆਂ ਦੀ ਗਿਣਤੀ ਯੂਰਪ ਦੀ ਆਬਾਦੀ ਨਾਲੋਂ ਵੱਧ ਹੈ। ਪਰ ਇਹ ਜੰਗਲ ਰਾਜ ਵਾਲੇ ਮਹਾਂਕੁੰਭ ਬਾਰੇ ਗਲਤ ਅਤੇ ਭੱਦੀ ਬਿਆਨਬਾਜ਼ੀ ਕਰ ਰਹੇ ਹਨ। ਇਹ ਲੋਕ ਅਯੁੱਧਿਆ ’ਚ ਰਾਮ ਮੰਦਰ ਦਾ ਵੀ ਵਿਰੋਧ ਕਰਦੇ ਸਨ ਅਤੇ ਮੈਂ ਜਾਣਦਾ ਹਾਂ ਕਿ ਬਿਹਾਰ ਦੇ ਲੋਕ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ।’’ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਹਾਲੀਆ ਭਗਦੜ ਮਾਮਲੇ ’ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਅਸਤੀਫ਼ਾ ਮੰਗਦਿਆਂ ਲਾਲੂ ਨੇ ਭਾਰੀ ਭੀੜ ’ਤੇ ਸਵਾਲ ਕਰਦਿਆਂ ਕਿਹਾ ਸੀ, ‘‘ਕੁੰਭ ਕੀ ਦਰਸਾਉਂਦਾ ਹੈ? ਇਹ ਬਕਵਾਸ ਹੈ।’’ ਪ੍ਰਧਾਨ ਮੰਤਰੀ ਨੇ ਆਪਣੇ 40 ਮਿੰਟ ਦੇ ਭਾਸ਼ਣ ਦੀ ਸ਼ੁਰੂਆਤ ਕੁੰਭ ਅਤੇ ਬਿਹਾਰ ਨਾਲ ਆਪਣੇ ਸਬੰਧਾਂ ਨਾਲ ਕੀਤੀ। ਲਾਲੂ ’ਤੇ ਵਰ੍ਹਦਿਆਂ ਮੋਦੀ ਨੇ ਕਿਹਾ, ‘‘ਚਾਰਾ ਚੁਰਾਉਣ ਵਾਲੇ ਕਦੇ ਵੀ ਕਿਸਾਨਾਂ ਦੀ ਭਲਾਈ ਯਕੀਨੀ ਨਹੀਂ ਬਣਾ ਸਕਦੇ ਹਨ।’’ ਬਿਹਾਰ ਨੂੰ ਪੂਰਬੀ ਭਾਰਤ ਦਾ ਅਹਿਮ ਥੰਮ੍ਹ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ’ਚ ਬਿਹਾਰ ਦਾ ਦਰਜਾ ਪਾਟਲੀਪੁੱਤਰ ਵਰਗਾ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਆਰਜੇਡੀ ਅਤੇ ਉਸ ਦੀ ਭਾਈਵਾਲ ਕਾਂਗਰਸ ਨੇ ਸੱਤਾ ਦੀ ਵੰਡ ਕਰਕੇ ਬਿਹਾਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ‘ਪੀਐੱਮ ਫ਼ਸਲ ਬੀਮਾ ਯੋਜਨਾ’ ਆਦਿ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਿਹਾਰ ਲਈ ਮਖਾਣਾ ਬੋਰਡ ਕਾਇਮ ਕਰਨ ਦਾ ਬਜਟ ’ਚ ਐਲਾਨ ਕੀਤਾ ਗਿਆ ਹੈ ਜਿਸ ਨਾਲ ਮਖਾਣਾ ਕਿਸਾਨਾਂ ਨੂੰ ਵੀ ਲਾਭ ਮਿਲੇਗਾ। ਮੋਦੀ ਦਾ ਰੈਲੀ ’ਚ ਪੁੱਜਣ ਮਗਰੋਂ ‘ਮਖਾਣਿਆਂ’ ਨਾਲ ਬਣਿਆ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਰਾਜਪਾਲ ਆਰਿਫ਼ ਮੁਹੰਮਦ ਖ਼ਾਨ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਗਿਰੀਰਾਜ ਸਿੰਘ ਅਤੇ ਚਿਰਾਗ ਪਾਸਵਾਨ ਵੀ ਹਾਜ਼ਰ ਸਨ।