ਭਾਰਤ-ਪਾਕਿ ਵੱਲੋਂ ਪੁਣਛ ਵਿੱਚ ਫਲੈਗ ਮੀਟਿੰਗ

ਭਾਰਤ-ਪਾਕਿ ਵੱਲੋਂ ਪੁਣਛ ਵਿੱਚ ਫਲੈਗ ਮੀਟਿੰਗ

ਜੰਮੂ : ਭਾਰਤ ਤੇ ਪਾਕਿਸਤਾਨ ਨੇ ਸਰਹੱਦ ਉੱਤੇ ਫਾਇਰਿੰਗ ਤੇ ਬਾਰੂਦੀ ਸੁਰੰਗ (ਆਈਈਡੀ) ਹਮਲਿਆਂ ਦੀਆਂ ਹਾਲੀਆ ਘਟਨਾਵਾਂ ਮਗਰੋਂ ਬਣੀ ਤਲਖੀ ਘਟਾਉਣ ਦੇ ਇਰਾਦੇ ਨਾਲ ਅੱਜ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਫਲੈਗ ਮੀਟਿੰਗ ਕੀਤੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਬ੍ਰਿਗੇਡ-ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ‘ਚੱਕਾਂ ਦਾ ਬਾਗ਼’ ਸਰਹੱਦੀ ਲਾਂਘੇ ’ਤੇ ਹੋਈ, ਜਿੱਥੇ ਦੋਵਾਂ ਧਿਰਾਂ ਨੇ ਸਰਹੱਦ ਦੇ ਦੋਵੇਂ ਪਾਸੇ ਅਮਨ ਦੀ ਬਹਾਲੀ ਦੀ ਲੋੜ ’ਤੇ ਜ਼ੋਰ ਦਿੱਤਾ। ਸੂਤਰਾਂ ਨੇ ਕਿਹਾ ਕਿ ਸਵਾ ਘੰਟੇ ਦੇ ਕਰੀਬ ਚੱਲੀ ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਈ ਸੀ। ਸੂਤਰਾਂ ਨੇ ਕਿਹਾ ਕਿ ਮੀਟਿੰਗ ਸਾਜ਼ਗਾਰ ਤੇ ਦੋਸਤਾਨਾ ਮਾਹੌਲ ਵਿਚ ਹੋਈ ਤੇ ਦੋਵਾਂ ਧਿਰਾਂ ਨੇ ਸਰਹੱਦ ’ਤੇ ਅਮਨ ਦੇ ਵਡੇਰੇ ਹਿੱਤਾਂ ਵਿਚ ਗੋਲੀਬੰਦੀ ਸਮਝੌਤੇ ਦਾ ਸਨਮਾਨ ਬਣਾ ਕੇ ਰੱਖਣ ਦੀ ਸਹਿਮਤੀ ਦਿੱਤੀ। ਦੋਵਾਂ ਧਿਰਾਂ ਵੱਲੋਂ 25 ਫਰਵਰੀ 2021 ਨੂੰ ਸਮਝੌਤਾ ਨਵਿਆਏ ਜਾਣ ਮਗਰੋਂ ਜੰਮੂ ਕਸ਼ਮੀਰ ਨਾਲ ਲੱਗਦੀ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਬਹੁਤ ਘੱਟ ਦੇਖਣ ਨੂੰ ਮਿਲੀ ਹੈ। ਜੰਮੂ ਖੇਤਰ ਦੇ ਅਖਨੂਰ ਸੈਕਟਰ ਵਿੱਚ 11 ਫਰਵਰੀ ਨੂੰ ਮਸ਼ਕੂਕ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਆਈਈਡੀ ਹਮਲੇ ਵਿੱਚ ਕੈਪਟਨ ਸਮੇਤ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ ਤੇ ਇੱਕ ਹੋਰ ਜਵਾਨ ਜ਼ਖਮੀ ਹੋ ਗਿਆ ਸੀ। ਰਾਜੌਰੀ ਤੇ ਪੁਣਛ ਜ਼ਿਲ੍ਹਿਆਂ ਵਿੱਚ 10 ਤੇ 14 ਫਰਵਰੀ ਨੂੰ ਕੰਟਰੋਲ ਰੇਖਾ ਦੇ ਪਾਰ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਦੋ ਫੌਜੀ ਜਵਾਨ ਜ਼ਖ਼ਮੀ ਹੋ ਗਏ ਸਨ, ਜਦਕਿ ਪਿਛਲੇ ਹਫ਼ਤੇ ਪੁਣਛ ਵਿੱਚ ਵੱਖ-ਵੱਖ ਬਾਰੂਦੀ ਸੁਰੰਗ ਧਮਾਕਿਆਂ ਵਿੱਚ ਦੋ ਹੋਰ ਫੌਜੀ ਜਵਾਨ ਜ਼ਖਮੀ ਹੋ ਗਏ ਸਨ। ਭਾਰਤ ਦੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਵਾਲੇ ਪਾਸੇ ਹੋਏ ਨੁਕਸਾਨ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ ਪਰ ਅਧਿਕਾਰੀਆਂ ਨੇ ਕਿਹਾ ਕਿ ਦੁਸ਼ਮਣ ਫੌਜਾਂ ਨੂੰ ਵੀ ‘ਭਾਰੀ ਜਾਨੀ ਨੁਕਸਾਨ’ ਹੋਇਆ ਹੈ।

ਭਾਰਤ ਅਤੇ ਬੰਗਲਾਦੇਸ਼ ਨਵੀਂ ‘ਹੌਟਲਾਈਨ’ ਸ਼ੁਰੂ ਕਰਨ ’ਤੇ ਸਹਿਮਤ

ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਨੇ ਆਪੋ-ਆਪਣੇ ਸਰਹੱਦੀ ਸੁਰੱਖਿਆ ਬਲਾਂ ਦੇ ਡਿਪਟੀ ਕਮਾਂਡਰਾਂ ਵਿਚਕਾਰ ਨਵਾਂ ਸੰਚਾਰ ਸੰਪਰਕ ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ। ਬੀਐੱਸਐੱਫ ਅਤੇ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਨੇ ਸਾਂਝੀ ਸਰਹੱਦ ’ਤੇ ਤਾਰ ਲਗਾਉਣ ਲਈ ਕਰੀਬ 99 ਥਾਵਾਂ ਦੀ ਪਛਾਣ ਕੀਤੀ ਹੈ। ਬੀਐੱਸਐੱਫ ਅਤੇ ਬੀਜੀਬੀ ਵਿਚਕਾਰ ਡਾਇਰੈਕਟਰ ਜਨਰਲ ਪੱਧਰ ਦੀ ਵਾਰਤਾ ਦੌਰਾਨ ਇਨ੍ਹਾਂ ਫ਼ੈਸਲਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਬੰਗਲਾਦੇਸ਼ ’ਚ ਸ਼ੇਖ਼ ਹਸੀਨਾ ਸਰਕਾਰ ਦੇ ਪਿਛਲੇ ਸਾਲ 5 ਅਗਸਤ ਨੂੰ ਡਿੱਗਣ ਮਗਰੋਂ ਦੋਵੇਂ ਮੁਲਕਾਂ ਦੇ ਸੁਰੱਖਿਆ ਬਲਾਂ ਵਿਚਕਾਰ ਇਹ ਪਹਿਲੀ ਉੱਚ ਪੱਧਰੀ ਮੀਟਿੰਗ ਸੀ। ਸੂਤਰਾਂ ਨੇ ਕਿਹਾ ਕਿ ਤਿੰਨ ਰੋਜ਼ਾ ਵਾਰਤਾ ਸੁਖਾਵੇਂ ਮਾਹੌਲ ’ਚ ਹੋਈ ਅਤੇ ਭਾਰਤ ਆਪਣੇ ਗੁਆਂਢੀ ਮੁਲਕ ਨੂੰ ਇਹ ਸਮਝਾਉਣ ’ਚ ਕਾਮਯਾਬ ਰਿਹਾ ਕਿ 4,096 ਕਿਲੋਮੀਟਰ ਲੰਬੀ ਸਰਹੱਦ ’ਤੇ ਤਾਰਬੰਦੀ ਜ਼ਰੂਰੀ ਹੈ। ਸੂਤਰਾਂ ਨੇ ਕਿਹਾ ਕਿ ਦੋਵੇਂ ਧਿਰਾਂ ਨੇ ਡੀਜੀ ਪੱਧਰੀ ਵਾਰਤਾ ਮਗਰੋਂ ਨਵੀਂ ਹੌਟਲਾਈਨ ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ। ਇਹ ਸੰਚਾਰ ਸੰਪਰਕ ਬੀਐੱਸਐੱਫ ਦੇ ਕੋਲਕਾਤਾ ਸਥਿਤ ਪੂਰਬੀ ਕਮਾਂਡ ਦੇ ਵਧੀਕ ਡਾਇਰੈਕਟਰ ਜਨਰਲ ਅਤੇ ਬੀਜੀਬੀ ਦੇ ਢਾਕਾ ਸਥਿਤ ਹਮਰੁਤਬਾ ਵਿਚਕਾਰ ਸਥਾਪਤ ਹੋਵੇਗਾ।

Share: