ਭਾਰਤ ਮਾਲਾ ਪ੍ਰਾਜੈਕਟ: ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਮੋਰਚੇ ’ਤੇ ਡਟੇ ਕਿਸਾਨ

ਭਾਰਤ ਮਾਲਾ ਪ੍ਰਾਜੈਕਟ: ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਮੋਰਚੇ ’ਤੇ ਡਟੇ ਕਿਸਾਨ

ਸ਼ਹਿਣਾ : ਇੱਥੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣ ਰਹੀ ਸੜਕ ਲਈ ਜ਼ਮੀਨ ਐਕੁਆਇਰ ਕਰਨ ਆਏ ਅਧਿਕਾਰੀਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਪੱਕਾ ਮੋਰਚਾ ਦੂਜੇ ਦਿਨ ਵੀ ਜਾਰੀ ਰਿਹਾ। ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਦੱਸਿਆ ਕਿ ਸ਼ਹਿਣਾ ਦੇ ਕਿਸਾਨਾਂ ਨੇ ਭਾਰਤ ਮਾਲਾ ਪ੍ਰਾਜੈਕਟ ਅਧੀਨ ਬਣ ਰਹੀ ਸੜਕ ’ਚ ਆਉਂਦੀ ਜ਼ਮੀਨ ਦੀ ਕੋਈ ਮੁਆਵਜ਼ਾ ਰਾਸ਼ੀ ਨਹੀਂ ਚੁੱਕੀ ਪਰ ਫਿਰ ਵੀ ਪ੍ਰਸ਼ਾਸਨ ਨੇ ਧੱਕੇ ਨਾਲ ਕਿਸਾਨਾਂ ਦੀ ਕਣਕ ਦੀ ਫ਼ਸਲ ਵਾਹ ਦਿੱਤੀ ਅਤੇ ਜ਼ਮੀਨ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਇਕੱਤਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੇ ਕਾਰਕੁਨਾਂ ਨੇ ਡਟ ਕੇ ਵਿਰੋਧ ਕੀਤਾ। ਵੇਖਦੇ ਹੀ ਵੇਖਦੇ ਕਿਸਾਨਾਂ ਦਾ ਇਹ ਵਿਰੋਧ ਮੋਰਚੇ ਵਿੱਚ ਤਬਦੀਲ ਹੋ ਗਿਆ। ਦੂਜੇ ਦਿਨ ਦੇ ਇਸ ਮੋਰਚੇ ਵਿੱਚ ਇਕੱਤਰ ਹੋਏ ਭਾਕਿਯੂ ਡਕੌਂਦਾ ਦੇ ਕਿਸਾਨਾਂ ਨੇ ਖ਼ਰਾਬ ਕੀਤੀ ਫਸਲ ਅਤੇ ਜ਼ਮੀਨ ਦੇ ਯੋਗ ਮੁਆਵਜ਼ੇ ਦੀ ਮੰਗ ਕੀਤੀ। ਕਿਸਾਨਾਂ ਵੱਲੋਂ ਲਗਾਤਾਰ ਦੂਜੇ ਦਿਨ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਪਹੁੰਚੇ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਤੱਕ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਓਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ, ਬਲਾਕ ਜਨਰਲ ਸਕੱਤਰ ਭਿੰਦਾ ਸਿੰਘ ਢਿੱਲਵਾਂ, ਬਲਾਕ ਮੀਤ ਪ੍ਰਧਾਨ ਕਮਲ ਅਲਕੜਾ, ਜ਼ਿਲ੍ਹਾ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਭਦੌੜ, ਜ਼ਿਲ੍ਹਾ ਆਗੂ ਮੇਵਾ ਸਿੰਘ ਲੀਲੋਂ ਕੋਠੇ, ਬਲਾਕ ਆਗੂ ਲਛਮਣ ਸਿੰਘ ਉੱਗੋਕੇ, ਗੋਗੀ ਸਿੰਘ ਚੀਮਾ, ਜੀਤ ਸਿੰਘ ਉੱਗੋਕੇ, ਮੇਲਾ ਸਿੰਘ ਢਿੱਲਵਾਂ, ਨੇਕ ਸਿੰਘ ਸ਼ਹਿਣਾ, ਮੱਖਣ ਸਿੰਘ ਨੈਣੇਵਾਲ, ਬੂਟਾ ਸਿੰਘ ਜੰਗੀਆਣਾ, ਜਗਜੀਤ ਸਿੰਘ ਅਲਕੜਾ ਤੇ ਵਿਸਾਖਾ ਸਿੰਘ ਭਦੌੜ ਸਣੇ ਕਿਸਾਨ ਬੀਬੀਆਂ ਵੀ ਹਾਜ਼ਰ ਸਨ।

Share: