ਨਵੀਂ ਦਿੱਲੀ : ਮਸ਼ਹੂਰ ਗਾਇਕ ਬੀ ਪਰਾਕ(B Praak) ਨੇ ਰਣਵੀਰ ਅਲਾਹਬਾਦੀਆ(Ranveer Allahabadia) ਦੀ ਸੋਚ ਨੂੰ ਤਰਸਯੋਗ ਕਹਿੰਦੇ ਹੋਏ ਦੱਸਿਆ ਕਿ ਇੱਕ ਰਿਐਲਿਟੀ ਸ਼ੋਅ ’ਤੇ ਉਸ ਦੀ ਟਿੱਪਣੀ ਕਾਰਨ ਵਿਵਾਦ ਪੈਦਾ ਹੋਣ ਤੋਂ ਬਾਅਦ ਉਨ੍ਹਾਂ ਪੋਡਕਾਸਟ ‘ਤੇ ਹਾਜ਼ਰੀ ਰੱਦ ਕਰ ਦਿੱਤੀ ਹੈ। ਕਾਮੇਡੀਅਨ ਸਮਯ ਰੈਨਾ ਦੇ ਯੂਟਿਊਬ ਰਿਐਲਿਟੀ ਸ਼ੋਅ “India’s Got Latent” ’ਤੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ 31 ਸਾਲਾ ਅਲਾਹਬਾਦੀਆ ਨੂੰ ਮਾਤਾ-ਪਿਤਾ ਸਬੰਧੀ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਸਾਰੇ ਖੇਤਰਾਂ ਤੋਂ ਨਕਾਰਾਤਮਕ ਪ੍ਰਤੀਕਿਰਿਆ ਮਿਲੀ।
ਹਾਲਾਂਕਿ ਬੀਅਰ ਬਾਈਸੈਪਸ ਵਜੋਂ ਜਾਣੇ ਜਾਂਦੇ ਰਣਵੀਰ ਨੇ ਬਾਅਦ ਵਿੱਚ ਆਪਣੇ ਫੈਸਲੇ ਵਿੱਚ ਗਲਤੀ ਲਈ ਮੁਆਫ਼ੀ ਮੰਗੀ ਅਤੇ ਇਹ ਵੀ ਕਿਹਾ ਕਿ ਉਸਨੇ ਸ਼ੋਅ ਦੇ ਨਿਰਮਾਤਾਵਾਂ ਨੂੰ ਵਿਵਾਦਪੂਰਨ ਹਿੱਸੇ ਨੂੰ ਹਟਾਉਣ ਲਈ ਕਿਹਾ ਸੀ।
ਇੱਕ ਇੰਸਟਾਗ੍ਰਾਮ ਵੀਡੀਓ ਵਿੱਚ ਪਰਾਕ(B Praak) ਨੇ ਸੋਮਵਾਰ ਰਾਤ ਨੂੰ ਕਿਹਾ, ‘‘ਮੈਂ ਇੱਕ ਪੌਡਕਾਸਟ ਬੀਅਰ ਬਾਈਸੈਪਸ ’ਤੇ ਆਉਣਾ ਸੀ ਅਤੇ ਅਸੀਂ ਇਸਨੂੰ ਰੱਦ ਕਰ ਦਿੱਤਾ। ਕਿਉਂਕਿ ਅਸੀਂ ਸਾਰੇ ਦੇਖ ਰਹੇ ਹਾਂ ਕਿ ਉਸਦੀ(Ranveer) ਸੋਚ ਕਿੰਨੀ ਤਰਸਯੋਗ ਹੈ। ਸ਼ਬਦਾਂ ਦੀ ਚੋਣ ਜੋ ਉਸਨੇ ਸਮਯ ਰੈਨਾ ਦੇ ਸ਼ੋਅ ਵਿੱਚ ਵਰਤੀ ਹੈ।”
ਨੈਸ਼ਨਲ ਐਵਾਰਡ ਜੇਤੂ ਗਾਇਕ ਨੇ ਅੱਗੇ ਕਿਹਾ, “ਇਹ ਸਾਡੀ ਭਾਰਤੀ ਸੰਸਕ੍ਰਿਤੀ ਨਹੀਂ ਹੈ। ਤੁਸੀਂ ਆਪਣੇ ਮਾਤਾ-ਪਿਤਾ ਬਾਰੇ ਕਿਹੜੀ ਕਹਾਣੀ ਸੁਣਾ ਰਹੇ ਹੋ? ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ? ਕੀ ਇਹ ਕਾਮੇਡੀ ਹੈ? ਇਹ ਬਿਲਕੁਲ ਵੀ ਕਾਮੇਡੀ ਨਹੀਂ ਹੈ। ਲੋਕਾਂ ਨੂੰ ਗਾਲ੍ਹਾਂ ਕੱਢਣੀਆਂ, ਲੋਕਾਂ ਨੂੰ ਗਾਲ੍ਹਾਂ ਕੱਢਣੀਆਂ ਸਿਖਾਉਣਾ, ਇਹ ਕਿਹੋ ਜਿਹੀ ਪੀੜ੍ਹੀ ਹੈ? ਮੈਨੂੰ ਸਮਝ ਨਹੀਂ ਆਉਂਦੀ।’’
ਵਿਵਾਦ ਦੇ ਬਾਅਦ ਮੁੰਬਈ ਵਿੱਚ ਇੱਕ ਭਾਜਪਾ ਕਾਰਜਕਾਰੀ ਨੇ ਅਲਾਹਬਾਦੀਆ, ਰੈਨਾ ਅਤੇ ਸ਼ੋਅ ਦੇ ਪ੍ਰਤੀਭਾਗੀਆਂ ਦੇ ਖ਼ਿਲਾਫ਼ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਦੇ ਮੈਂਬਰ ਪ੍ਰਿਯਾਂਕ ਕਾਨੂਨਗੋ ਨੇ ਭਾਰਤ ਵਿੱਚ ਯੂਟਿਊਬ ਦੇ ਜਨਤਕ ਨੀਤੀ ਦੇ ਮੁਖੀ ਨੂੰ ਪੱਤਰ ਲਿਖਿਆ ਅਤੇ “ਤੁਰੰਤ ਕਾਰਵਾਈ” ਕਰਨ ਲਈ ਕਿਹਾ।
ਕੌਮੀ ਮਹਿਲਾ ਕਮਿਸ਼ਨ (NCW) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ”ਹਰ ਕਿਸੇ ਨੂੰ ਬੋਲਣ ਦੀ ਆਜ਼ਾਦੀ ਹੈ ਪਰ ਸਾਡੀ ਆਜ਼ਾਦੀ ਉਦੋਂ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਦੂਜਿਆਂ ਦੀ ਆਜ਼ਾਦੀ ‘ਤੇ ਕਬਜ਼ਾ ਕਰਦੇ ਹਾਂ। ਸਾਡੇ ਸਮਾਜ ’ਚ ਅਸੀਂ ਕੁਝ ਨਿਯਮ ਬਣਾਏ ਹਨ, ਜੇਕਰ ਕੋਈ ਇਨ੍ਹਾਂ ਦੀ ਉਲੰਘਣਾ ਕਰਦਾ ਹੈ ਤਾਂ ਇਹ ਬਿਲਕੁਲ ਗਲਤ ਹੈ। ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।’’