ਫਿਰੌਤੀ ਮੰਗਣ ਦੇ ਦੋਸ਼ ਹੇਠ ਥਾਣੇਦਾਰ ਸਣੇ ਦੋ ਗ੍ਰਿਫ਼ਤਾਰ

ਫਿਰੌਤੀ ਮੰਗਣ ਦੇ ਦੋਸ਼ ਹੇਠ ਥਾਣੇਦਾਰ ਸਣੇ ਦੋ ਗ੍ਰਿਫ਼ਤਾਰ

ਬਟਾਲਾ ; ਸਥਾਨਕ ਪੁਲੀਸ ਨੇ ਬਟਾਲਾ ਤੇ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਕਾਰੋਬਰੀਆਂ ਨੂੰ ਡਰਾ-ਧਮਕਾ ਦੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀਆਂ ਫਿਰੌਤੀਆਂ ਮੰਗਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਥਾਣਾ ਸਦਰ ਬਟਾਲਾ ਵਿੱਚ ਤਾਇਨਾਤ ਥਾਣੇਦਾਰ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਕਰੀਬ 82 ਲੱਖ ਰੁਪਏ ਦੀ ਨਕਦੀ, ਪਿਸਤੌਲ ਤੇ ਦੋ ਗੱਡੀਆਂ ਬਰਾਮਦ ਕੀਤੀਆਂ ਹਨ। ਬਰਖਾਸਤਗੀ ਮਗਰੋਂ ਥਾਣੇਦਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਬਟਾਲਾ ਦੇ ਐੱਸਐੱਸਪੀ ਸੁਹੇਲ ਮੀਰ ਕਾਸਿਮ ਨੇ ਦੱਸਿਆ ਕਿ ਇਤਲਾਹ ਮਿਲਣ ’ਤੇ ਫਤਹਿਗੜ੍ਹ ਚੂੜੀਆਂ ਦੇ ਡੀਐੱਸਪੀ ਵਿਪਨ ਕੁਮਾਰ ਨੇ ਸ਼ੇਖੂਪੁਰ ਚੌਕੀ ਵਿੱਚ ਤਾਇਨਾਤ ਏਐੱਸਆਈ ਸੁਰਜੀਤ ਸਿੰਘ ਦੇ ਘਰ ਛਾਪਾ ਮਾਰ ਕੇ 76 ਲੱਖ ਰੁਪਏ ਬਰਾਮਦ ਕੀਤੇ। ਪੜਤਾਲ ਦੌਰਾਨ ਇੱਕ ਹੋਰ ਮੁਲਜ਼ਮ ਅੰਕੁਸ਼ ਮੈਨੀ ਵਾਸੀ ਕਲਾਨੌਰ ਨੂੰ ਕਾਬੂ ਕਰ ਕੇ ਉਸ ਕੋਲੋਂ ਛੇ ਲੱਖ ਰੁਪਏ, ਪਿਸਤੌਲ ਤੇ ਸਕਾਰਪੀਓ ਗੱਡੀ ਬਰਾਮਦ ਕੀਤੀ ਗਈ। ਅੰਕੁਸ਼ ਨੇ ਮੰਨਿਆ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਵਿਦੇਸ਼ ’ਚ ਰਹਿੰਦੇ ਗੈਂਗਸਟਰ ਗੁਰਦੇਵ ਜੱਸਲ ਦੇ ਕਹਿਣ ’ਤੇ ਫਿਰੌਤੀਆਂ ਲੈਣ ਦਾ ਧੰਦਾ ਕਰਦਾ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਦੇਸ਼ ਰਹਿੰਦੇ ਸ਼ਾਹ ਨਾਂ ਦੇ ਵਿਅਕਤੀ ਦੇ ਕਹਿਣ ’ਤੇ ਇੱਥੇ ਰਹਿੰਦੇ ਕਾਰੋਬਾਰੀਆਂ ਨੂੰ ਫਿਰੌਤੀਆਂ ਲਈ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਏਐੱਸਆਈ ਸੁਰਜੀਤ ਸਿੰਘ ਫਿਰੌਤੀਆਂ ਦੇ ਪੈਸੇ ਇਕੱਠੇ ਕਰਦਾ ਸੀ। ਪੁੱਛ-ਪੜਤਾਲ ਦੌਰਾਨ ਸੁਰਜੀਤ ਸਿੰਘ ਨੇ ਮੰਨਿਆ ਕਿ ਉਹ ਹੁਣ ਤੱਕ 2 ਕਰੋੜ ਤੋਂ ਵੱਧ ਰਕਮ ਹਾਸਲ ਕਰ ਚੁੱਕਾ ਹੈ ਅਤੇ ਇਸੇ ਰਕਮ ’ਚੋਂ ਉਸ ਨੇ 53 ਲੱਖ ਰੁਪਏ ਦੀ ਫਾਰਚੂਨਰ ਗੱਡੀ ਤੇ ਇੱਕ ਪਲਾਟ ਖਰੀਦਿਆ ਸੀ।

Share: