ਅਸਾਮ (ਗੁਹਾਟੀ) : ਕਾਂਗਰਸੀ ਸੰਸਦ ਮੈਂਬਰ ਗੌਰਵ ਗੋਗੋਈ ਦੀ ਬ੍ਰਿਟਿਸ਼ ਮੂਲ ਦੀ ਪਤਨੀ ਐਲਿਜ਼ਾਬੈੱਥ ਕੋਲਬਰਨ ਦੇ ਆਈਐੱਸਆਈ ਨਾਲ ਕਥਿਤ ਸਬੰਧਾਂ ਦੇ ਮੁੱਦੇ ’ਤੇ ਪੈਦਾ ਹੋਏ ਵਿਵਾਦ ਦਰਮਿਆਨ ਅਸਾਮ ਪੁਲੀਸ ਨੇ ਅੱਜ ਪਾਕਿਸਾਨੀ ਨਾਗਰਿਕ ਅਲੀ ਤੌਕੀਰ ਸ਼ੇਖ਼ ਖ਼ਿਲਾਫ਼ ਬੀਐੱਨਐੱਸ ਦੀਆਂ ਵੱਖ ਵੱਖ ਧਾਰਾਵਾਂ ਅਤੇ ਯੂਏਪੀਏ ਤਹਿਤ ਐੱਫਆਈਆਰ ਦਰਜ ਕਰ ਲਈ ਹੈ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਅਲੀ ਤੌਕੀਰ ਨੇ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ। ਸ਼ੇਖ਼ ਪਾਕਿਸਤਾਨ ਯੋਜਨਾ ਕਮਿਸ਼ਨ ਦਾ ਸਲਾਹਕਾਰ ਅਤੇ ਕੋਲਬਰਨ ਦਾ ਸਾਬਕਾ ਸਾਥੀ ਰਿਹਾ ਹੈ। ਡੀਜੀਪੀ ਹਰਮੀਤ ਸਿੰਘ ਨੇ ਕਿਹਾ ਕਿ ਕੈਬਨਿਟ ਤੋਂ ਨਿਰਦੇਸ਼ ਮਿਲਣ ਮਗਰੋਂ ਸੀਆਈਡੀ ਨੂੰ ਅੱਜ ਸਵੇਰੇ ਅਲੀ ਤੌਕੀਰ ਸ਼ੇਖ਼ ਅਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪਹਿਲਾਂ ਹੀ ਜਾਂਚ ਸ਼ੁਰੂ ਹੋ ਗਈ ਹੈ ਅਤੇ ਧਿਆਨ ’ਚ ਆਇਆ ਹੈ ਕਿ ਸ਼ੇਖ਼ ਦੀਆਂ ਗਤੀਵਿਧੀਆਂ ਕੌਮੀ ਸੁਰੱਖਿਆ ਲਈ ਖ਼ਤਰਾ ਹਨ। ਮੁੱਖ ਮੰਤਰੀ ਨੇ ਕਿਹਾ ਸੀ ਕਿ ਸੂਬਾ ਸਰਕਾਰ ਤਤਕਾਲੀ ਕਲਿਆਬੋਰ ਹਲਕੇ ’ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ’ਚ ਕੋਲਬਰਨ ਦੀ ਸ਼ਮੂਲੀਅਤ ਦੀ ਜਾਂਚ ਕਰਨ ਲਈ ਕੇਂਦਰ ਨੂੰ ਪੱਤਰ ਲਿਖੇਗੀ ਜਿਥੋਂ ਗੋਗੋਈ ਦੋ ਵਾਰ ਚੋਣ ਜਿੱਤੇ ਹਨ।
ਉਨ੍ਹਾਂ ਕਿਹਾ ਕਿ ਸ਼ੇਖ਼ ਦੇ ਸੋਸ਼ਲ ਮੀਡੀਆ ਪੋਸਟ ’ਚ ਭਾਰਤ ਦੇ ਅੰਦਰੂਨੀ ਅਤੇ ਸੰਸਦੀ ਮਾਮਲਿਆਂ ’ਤੇ ਵਿਸਥਾਰ ’ਚ ਟਿੱਪਣੀਆਂ ਸ਼ਾਮਲ ਹਨ ਜੋ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਬਾਰੇ ਗੰਭੀਰ ਚਿੰਤਾ ਪੈਦਾ ਕਰਦੇ ਹਨ। ਇਸ ਦੌਰਾਨ ਡੀਜੀਪੀ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕਰ ਦਿੱਤੀ ਹੈ। ਚਾਰ ਮੈਂਬਰੀ ਸਿਟ ਦੀ ਅਗਵਾਈ ਸੀਆਈਡੀ ਦੇ ਸਪੈਸ਼ਲ ਡੀਜੀਪੀ ਐੱਮਪੀ ਗੁਪਤਾ ਕਰਨਗੇ ਅਤੇ ਏਆਈਜੀਪੀ (ਪ੍ਰਸ਼ਾਸਨ) ਪ੍ਰਣਬਜਯੋਤੀ ਗੋਸਵਾਮੀ, ਐੱਸਪੀ ਸੀਐੱਮ ਦੇ ਵਿਸ਼ੇਸ਼ ਵਿਜੀਲੈਂਸ ਸੈੱਲ ਦੇ ਰੋਸੀ ਕਾਲਿਤਾ ਅਤੇ ਵਧੀਕ ਡੀਸੀਪੀ ਗੁਹਾਟੀ (ਪੱਛਮ) ਮੈਤਰੇਯੀ ਡੇਕਾ ਇਸ ਦੇ ਮੈਂਬਰ ਹੋਣਗੇ।
ਸਰਕਾਰ ਮਾਮਲੇ ਦੀ ਕਰਵਾ ਸਕਦੀ ਹੈ ਜਾਂਚ: ਗੋਗੋਈ
ਕਾਂਰਗਸ ਦੇ ਸੀਨੀਅਰ ਆਗੂ ਗੌਰਵ ਗੋਗੋਈ ਨੇ ਕਿਹਾ ਕਿ ਅਸਾਮ ਸਰਕਾਰ ਉਨ੍ਹਾਂ ਦੀ ਪਤਨੀ ਦੇ ਆਈਐੱਸਆਈ ਨਾਲ ਕਥਿਤ ਸਬੰਧਾਂ ਦੇ ਮੁੱਦੇ ਦੀ ਜਾਂਚ ਕਰਵਾ ਸਕਦੀ ਹੈ ਪਰ ਉਹ ਅਤੇ ਪਾਰਟੀ ਜਾਣਦੀ ਹੈ ਕਿ ਅਸਲ ਸੱਚਾਈ ਕੀ ਹੈ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਗੋਗੋਈ ਨੇ ਕਿਹਾ ਕਿ ਉਨ੍ਹਾਂ ਭਾਜਪਾ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਕਾਂਗਰਸ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਅਤੇ ਇਸ ਬਾਰੇ ਛੇਤੀ ਕਦਮ ਚੁੱਕੇ ਜਾਣਗੇ। ਲੋਕ ਸਭਾ ’ਚ ਕਾਂਗਰਸ ਦੇ ਉਪ ਨੇਤਾ ਗੋਗੋਈ ਨੇ ਕਿਹਾ ਕਿ ਮੁੱਖ ਮੰਤਰੀ ਲਗਾਤਾਰ ਆਪਣਾ ਬਿਆਨ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸਰਮਾ ਆਖ ਰਹੇ ਹਨ ਕਿ ਵਿਰੋਧੀ ਧਿਰ ਦੇ ਆਗੂ ਨੂੰ ਭਾਰਤ ਵਿਰੋਧੀ ਸਾਜ਼ਿਸ਼ ’ਚ ਫਸਾਇਆ ਜਾਂ ਬਲੈਕਮੇਲ ਕੀਤਾ ਗਿਆ ਹੋ ਸਕਦਾ ਹੈ। ਗੋਗੋਈ ਨੇ ਦਾਅਵਾ ਕੀਤਾ ਕਿ ਸਰਮਾ ਅਤੇ ਭਗਵਾ ਪਾਰਟੀ ਵੰਡਪਾਊ ਰਣਨੀਤੀ ਅਪਣਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਅਸਾਮ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਾਰਨ ਦਾ ਡਰ ਸਤਾ ਰਿਹਾ ਹੈ।