ਗੁਹਾਟੀ : ਅਸਾਮ ਦੇ ਮੋਰੀਗਾਓਂ ਜ਼ਿਲ੍ਹੇ ਵਿਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਭੂਚਾਲ ਦੀ ਸ਼ਿੱਦਤ 5 ਮਾਪੀ ਗਈ ਹੈ। ਭੂਚਾਲ ਦੇ ਝਟਕੇ ਗੁਹਾਟੀ ਤੇ ਰਾਜ ਦੇ ਹੋਰਨਾਂ ਹਿੱਸਿਆਂ ਵਿਚ ਵੀ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਇਹ ਭੂਚਾਲ ਤੜਕੇ 2:25 ਵਜੇ ਆਇਆ ਜਿਸ ਦਾ ਕੇਂਦਰ ਮੋਰੀਗਾਓਂ ਵਿਚ ਧਰਤੀ ’ਚ 16 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਜਦੋਂ ਭੂਚਾਲ ਆਇਆ ਤਾਂ ਲੋਕ ਆਪਣੇ ਘਰਾਂ ਵਿਚੋਂ ਬਾਹਰ ਆ ਗਏ। ਭੂਚਾਲ ਕਰਕੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਅਸਾਮ ਵਿਚ ਭੂਚਾਲ ਦੇ ਝਟਕੇ ਅਜਿਹੇ ਮੌਕੇ ਮਹਿਸੂਸ ਕੀਤੇ ਗਏ ਹਨ ਜਦੋਂ ਅਜੇ ਦੋ ਦਿਨ ਪਹਿਲਾਂ ਬੰਗਾਲ ਦੀ ਖਾੜੀ ਵਿਚ 5.1 ਦੀ ਸ਼ਿੱਦਤ ਦਾ ਭੂਚਾਲ ਆਇਆ ਸੀ। ਇਹ ਝਟਕੇ ਕੋਲਕਾਤਾ ਤੇ ਪੱਛਮੀ ਬੰਗਾਲ ਦੇ ਹੋਰ ਹਿੱਸਿਆਂ ਵਿਚ ਵੀ ਮਹਿਸੂਸ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਊਤਰ ਪੂਰਬੀ ਖੇਤਰ ਵਿਚ ਭੂਚਾਲ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ।