ਆਰਜੀ ਕਰ ਮਾਮਲੇ ’ਚ CBI ਜ਼ਿਮਨੀ ਚਾਰਜਸ਼ੀਟ ਲਈ ਹਾਲਾਤੀ ਸਬੂਤਾਂ ‘ਤੇ ਧਿਆਨ ਕੇਂਦਰਿਤ ਕਰ ਰਹੀ

ਆਰਜੀ ਕਰ ਮਾਮਲੇ ’ਚ CBI ਜ਼ਿਮਨੀ ਚਾਰਜਸ਼ੀਟ ਲਈ ਹਾਲਾਤੀ ਸਬੂਤਾਂ ‘ਤੇ ਧਿਆਨ ਕੇਂਦਰਿਤ ਕਰ ਰਹੀ

ਕੋਲਕਾਤਾ : ਕੇਂਦਰੀ ਜਾਂਚ ਬਿਊਰੋ (CBI) ਆਰਜੀ ਕਰ ਜਬਰ ਜਨਾਹ ਅਤੇ ਕਤਲ ਦੁਖਾਂਤ ਵਿੱਚ ਸਬੂਤਾਂ ਨਾਲ ਛੇੜਛਾੜ ਅਤੇ ਇਨ੍ਹਾਂ ਨੂੰ ਖੁਰਦ-ਬੁਰਦ ਕੀਤੇ ਜਾਣ ਦੇ ਕੋਣ ਨਾਲ ਇੱਕ ਮਜ਼ਬੂਤ ਕੇਸ ਬਣਾਉਣ ਲਈ ਹਾਲਾਤੀ ਸਬੂਤਾਂ ‘ਤੇ ਜ਼ੋਰ ਦੇ ਰਹੀ ਹੈ, ਜਿਸ ਲਈ ਪੂਰਕ ਚਾਰਜਸ਼ੀਟ ਕੋਲਕਾਤਾ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਛੇਤੀ ਹੀ ਦਾਖ਼ਲ ਕੀਤੇ ਜਾਣ ਦੀ ਉਮੀਦ ਹੈ।

ਸੀਬੀਆਈ ਦੇ ਵਕੀਲ ਨੇ 24 ਫਰਵਰੀ ਨੂੰ ਵਿਸ਼ੇਸ਼ ਅਦਾਲਤ ਨੂੰ ਸੂਚਿਤ ਕੀਤਾ ਕਿ ਮਾਮਲੇ ਦੀ ਉਨ੍ਹਾਂ ਵੱਲੋਂ ਜਾਂਚ ਚੱਲ ਰਹੀ ਹੈ ਅਤੇ ਇੱਕ ਜ਼ਿਮਨੀ ਚਾਰਜਸ਼ੀਟ ਛੇਤੀ ਹੀ ਦਾਖ਼ਲ ਕੀਤੀ ਜਾਵੇਗੀ। ਗ਼ੌਰਤਲਬ ਹੈ ਕਿ ਇਸ ਵਿਸ਼ੇਸ਼ ਅਦਾਲਤ ਨੇ ਹਾਲ ਹੀ ਵਿੱਚ ਜਬਰ ਜਨਾਹ ਅਤੇ ਕਤਲ ਦੇ ਇਸ ਅਪਰਾਧ ਵਿੱਚ ਇਕਲੌਤੇ ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਹੜਾ ਇੱਕ ਨਾਗਰਿਕ ਸਵੈ-ਸੇਵਕ ਹੈ।

ਇਸ ਘਟਨਾਕ੍ਰਮ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਹਾਲਾਤੀ ਸਬੂਤਾਂ ‘ਤੇ ਜ਼ੋਰ ਦੇਣ ਦੀ ਪ੍ਰਕਿਰਿਆ ਵਿੱਚ ਜਾਂਚ ਅਧਿਕਾਰੀਆਂ ਦੇ ਹੱਥ ਵਿੱਚ ਸਭ ਤੋਂ ਮਹੱਤਵਪੂਰਨ ਸਾਧਨ ਜੋ ਲੱਗਾ ਹੈ, ਉਹ ਹੈ ਤਾਲਾ ਪੁਲੀਸ ਸਟੇਸ਼ਨ ਦੇ ਸਾਬਕਾ ਐਸਐਚਓ ਅਭਿਜੀਤ ਮੰਡਲ (SHO of Tala Police station Abhijit Mondal) ਦਾ ਮੋਬਾਈਲ ਸਿਮ ਕਾਰਡ।

ਇਸੇ ਕਰਕੇ, ਸੀਬੀਆਈ ਦੇ ਇੱਕ ਅੰਦਰੂਨੀ ਸੂਤਰ ਨੇ ਕਿਹਾ, ਕੇਂਦਰੀ ਏਜੰਸੀ ਦੇ ਵਕੀਲ ਨੇ 24 ਫਰਵਰੀ ਨੂੰ ਮੰਡਲ ਵੱਲੋਂ ਉਸਦਾ ਮੋਬਾਈਲ ਸਿਮ ਵਾਪਸ ਲੈਣ ਦੀ ਅਰਜ਼ੀ ਦਾ ਵਿਰੋਧ ਕੀਤਾ ਸੀ। ਉਸਨੇ ਇਹ ਵੀ ਪੁਸ਼ਟੀ ਕੀਤੀ ਕਿ ਜਾਂਚ ਅਧਿਕਾਰੀਆਂ ਨੇ ਜਬਰ ਜਨਾਹ ਅਤੇ ਕਤਲ ਦੀ ਘਟਨਾ ਨੂੰ ਪਹਿਲਾਂ ਖੁਦਕੁਸ਼ੀ ਦੇ ਮਾਮਲੇ ਵਜੋਂ ਪੇਸ਼ ਕਰਨ ਅਤੇ ਫਿਰ ਮਾਮਲੇ ਵਿੱਚ ਸਬੂਤ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਦੇ ਸਬੰਧ ਵਿੱਚ ਕਈ ਹਾਲਾਤੀ ਸਬੂਤ ਪ੍ਰਾਪਤ ਕੀਤੇ।

ਸੀਬੀਆਈ ਦੇ ਅੰਦਰੂਨੀ ਸੂਤਰ ਨੇ ਕਿਹਾ ਕਿ ਅਜਿਹੇ ਹਾਲਾਤੀ ਸਬੂਤਾਂ ‘ਤੇ ਆਧਾਰਿਤ ਲੱਭਤਾਂ ਜਲਦੀ ਹੀ ਇੱਕ ਵਿਸ਼ੇਸ਼ ਅਦਾਲਤ ਵਿੱਚ ਦਾਖ਼ਲ ਕੀਤੀ ਜਾਣ ਵਾਲੀ ਪੂਰਕ ਚਾਰਜਸ਼ੀਟ ਦਾ ਆਧਾਰ ਹੋਣਗੀਆਂ।

Share: