ਚੰਡੀਗੜ੍ਹ : ਹਰਿਆਣਾ ਦੇ ਨਵੇਂ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਸ੍ਰੀ ਰਸਤੋਗੀ ਆਮ ਪ੍ਰਸ਼ਾਸਨ, ਮਨੁੱਖੀ ਸਰੋਤ, ਪਰਸੋਨਲ ਤੇ ਸਿਖਲਾਈ, ਸੰਸਦੀ ਮਾਮਲੇ ਤੇ ਵਿਜੀਲੈਂਸ ਵਿਭਾਗ ਦੇਖਣ ਦੇ ਨਾਲ-ਨਾਲ ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਵਾਧੂ ਕਾਰਜਭਾਰ ਵੀ ਸੰਭਾਲਣਗੇ। ਸਾਲ 1990 ਬੈਚ ਦੇ ਸੀਨੀਅਰ ਆਈਏਐੱਸ ਅਧਿਕਾਰੀ ਰਸਤੋਗੀ ਦੀ ਨਿਯੁਕਤੀ ਦੇ ਹਰਿਆਣਾ ਸਰਕਾਰ ਨੇ ਦੇਰ ਰਾਤ ਆਦੇਸ਼ ਜਾਰੀ ਕੀਤੇ ਸਨ ਅਤੇ ਅੱਜ ਉਨ੍ਹਾਂ ਅਹੁਦਾ ਸਾਂਭ ਲਿਆ ਹੈ। ਅਨੁਰਾਗ ਰਸਤੋਗੀ 30 ਜੂਨ ਨੂੰ ਸੇਵਾਮੁਕਤ ਹੋਣਗੇ। ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਦਿਆਂ ਹੀ ਅਨੁਰਾਗ ਰਸਤੋਗੀ ਨੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨਾਲ ਮੁਲਾਕਾਤ ਕਰਕੇ ਸੂਬੇ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ-ਚਰਚਾ ਕੀਤੀ। ਜਾਣਕਾਰੀ ਅਨੁਰਾਗ ਰਸਤੋਗੀ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਰਹਿਣ ਵਾਲੇ ਹਨ। ਉਹ ਸਾਲ 1992 ਵਿੱਚ ਹਰਿਆਣਾ ਦੇ ਨਾਰਨੌਲ ਵਿੱਚ ਬਤੌਰ ਐੱਸਡੀਐੱਮ ਨਿਯੁਕਤ ਹੋਏ ਸਨ। ਉਸ ਤੋਂ ਬਾਅਦ ਉਨ੍ਹਾਂ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਤੌਰ ਡਿਪਟੀ ਕਮਿਸ਼ਨਰ ਅਤੇ ਹੋਰ ਕਈ ਸੀਨੀਅਰ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਹਨ।