ਨਕਲ ਰੋਕਣ ਲਈ 278 ਉੱਡਣ ਦਸਤੇ ਤਿਆਰ

ਨਕਲ ਰੋਕਣ ਲਈ 278 ਉੱਡਣ ਦਸਤੇ ਤਿਆਰ

ਐਸ.ਏ.ਐਸ. ਨਗਰ (ਮੁਹਾਲੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ 278 ਉੱਡਣ ਦਸਤੇ ਬਣਾਏ ਗਏ ਹਨ ਅਤੇ ਹਰ ਟੀਮ ਵਿੱਚ ਤਿੰਨ ਮੈਂਬਰ ਹੋਣਗੇ। ਇਨ੍ਹਾਂ ਉੱਡਣ ਦਸਤਿਆਂ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਿੰਸੀਪਲ, ਬੋਰਡ ਅਧਿਕਾਰੀ ਅਤੇ ਅਕਾਦਮਿਕ ਕੌਂਸਲ ਦੇ ਮੈਂਬਰਾਂ ਵੱਲੋਂ ਕੀਤੀ ਜਾਵੇਗੀ। ਪਿਛਲੇ ਸਮਿਆਂ ਦੌਰਾਨ ਨਕਲ ਦੇ ਜ਼ਿਆਦਾਤਰ ਕੇਸ ਸਰਹੱਦੀ ਇਲਾਕਿਆਂ ਦੇ ਸਕੂਲਾਂ ’ਚੋਂ ਸਾਹਮਣੇ ਆਉਂਦੇ ਰਹੇ ਹਨ, ਜਿਸ ਕਰਕੇ ਉੱਡਣ ਦਸਤਿਆਂ ਨੂੰ ਸਰਹੱਦੀ ਇਲਾਕਿਆਂ ਦੇ ਪ੍ਰੀਖਿਆ ਕੇਂਦਰਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ, ਜਦਕਿ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ 10 ਮਾਰਚ ਨੂੰ ਸ਼ੁਰੂ ਹੋਵੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਲਾਨਾ ਪ੍ਰੀਖਿਆਵਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਨਕਲ ਰੋਕਣ ਲਈ ਉੱਡਣ ਦਸਤਿਆਂ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਪੱਖ ਤੇ ਸਮਾਨਤਾ ਵਾਲਾ ਮਾਹੌਲ ਸਿਰਜਣ ਦੇ ਆਦੇਸ਼ ਦਿੱਤੇ। ਪ੍ਰੀਖਿਆਵਾਂ ਸਬੰਧੀ ਪੰਜਾਬ ਭਰ ਵਿੱਚ 2,579 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ। ਸਾਲਾਨਾ ਪ੍ਰੀਖਿਆਵਾਂ ਸੁਚਾਰੂ ਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ 2,579 ਸੁਪਰਡੈਂਟ ਅਤੇ 3,269 ਡਿਪਟੀ ਸੁਪਰਡੈਂਟ ਨਿਯੁਕਤ ਕੀਤੇ ਗਏ ਹਨ। ਪ੍ਰੀਖਿਆਵਾਂ ਦੀ ਨਿਗਰਾਨੀ ਲਈ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਕੰਟਰੋਲ ਰੂਮ (0172-5227136, 137,138) ਸਥਾਪਿਤ ਕੀਤਾ ਗਿਆ ਹੈ।

ਪ੍ਰਸ਼ਨ ਪੱਤਰ ਲੀਕ ਹੋਣ ਤੋਂ ਬਚਾਉਣ ਲਈ ਪੁਖ਼ਤਾ ਪ੍ਰਬੰਧਾਂ ਦਾ ਦਾਅਵਾ

ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਲਵਿਸ਼ ਚਾਵਲਾ ਨੇ ਦੱਸਿਆ ਕਿ ਪ੍ਰਸ਼ਨ ਪੱਤਰਾਂ ਨੂੰ ਅਧਿਕਾਰਤ ਬੈਂਕਾਂ ਵਿੱਚ ਰੱਖਣ ਅਤੇ ਪ੍ਰੀਖਿਆ ਕੇਂਦਰਾਂ ਤੱਕ ਸੁਰੱਖਿਅਤ ਢੰਗ ਨਾਲ ਪਹੁੰਚਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਨਵੀਂ ਪਹਿਲਕਦਮੀ ਤਹਿਤ ਪ੍ਰੀਖਿਆ ਕੇਂਦਰਾਂ ਨੂੰ ਨਿਰਧਾਰਿਤ ਉੱਤਰ-ਪੱਤਰੀਆਂ ਹੀ ਸਪਲਾਈ ਕੀਤੀਆਂ ਜਾਣਗੀਆਂ। ਹੁਣ ਆਸਾਨੀ ਨਾਲ ਇਹ ਪਤਾ ਲੱਗ ਸਕੇਗਾ ਕਿ ਕਿੰਨੀਆਂ ਉੱਤਰ-ਪੱਤਰੀਆਂ ਕਿਹੜੇ ਸਕੂਲਾਂ/ਪ੍ਰੀਖਿਆ ਕੇਂਦਰਾਂ ਵਿੱਚ ਗਈਆਂ ਹਨ ਅਤੇ ਕਿੰਨੀਆਂ ਵਰਤੋਂ ਵਿੱਚ ਆਈਆਂ ਹਨ। ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਕੈਟਾਗਰੀਆਂ ਲਈ ਡੀਏ ਕੋਡ ਵਾਲੇ ਪ੍ਰਸ਼ਨ ਪੱਤਰ ਵਿਸ਼ੇਸ਼ ਰੂਪ ਵਿੱਚ ਤਿਆਰ ਕਰਵਾਏ ਗਏ ਹਨ।

Share: