ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਯਾਤਰੀਆਂ ਦੀ ਗਿਣਤੀ ’ਚ ਰਿਕਾਰਡ ਵਾਧਾ

ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਯਾਤਰੀਆਂ ਦੀ ਗਿਣਤੀ ’ਚ ਰਿਕਾਰਡ ਵਾਧਾ

ਅੰਮ੍ਰਿਤਸਰ : ਇੱਥੇ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਜਨਵਰੀ 2025 ’ਚ ਅੰਤਰਰਾਸ਼ਟਰੀ ਯਾਤਰੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਆਵਾਜਾਈ ਦਰਜ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ।

ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਹਵਾਈ ਅੱਡੇ ਨੇ ਜਨਵਰੀ 2025 ’ਚ ਹੁਣ ਤੱਕ ਦੀ ਸਭ ਤੋਂ ਵੱਧ 1.14 ਲੱਖ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜਾਈ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ 1.11 ਲੱਖ ਯਾਤਰੀਆਂ ਦੀ ਗਿਣਤੀ ਬੀਤੇ ਦਸੰਬਰ 2024 ਵਿੱਚ ਦਰਜ ਕੀਤੀ ਗਈ ਸੀ।

ਏਅਰਪੋਰਟ ਅਥਾਰਿਟੀ ਆਫ ਇੰਡੀਆ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਿਕ ਘਰੇਲੂ ਆਵਾਜਾਈ ਵਿੱਚ ਵੀ ਕੁੱਲ 2.10 ਲੱਖ ਯਾਤਰੀਆਂ ਨਾਲ 19.5% ਦਾ ਵੱਡਾ ਵਾਧਾ ਹੋਇਆ ਹੈ। ਜਨਵਰੀ 2024 ਵਿੱਚ ਇਹ ਗਿਣਤੀ 1.76 ਲੱਖ ਦਰਜ ਹੋਈ ਸੀ ਅਤੇ ਹੁਣ ਜਨਵਰੀ ਦੇ ਮਹੀਨੇ ਕੁੱਲ ਯਾਤਰੀਆਂ ਦੀ ਗਿਣਤੀ ਲਗਪਗ 3.24 ਲੱਖ ਹੈ ਜੋ 18.6% ਫੀਸਦ ਵੱਧ ਹੈ।

ਸ੍ਰੀ ਗੁਮਟਾਲਾ ਨੇ ਦੱਸਿਆ ਕਿ ਇਸ ਵਾਧੇ ਦਾ ਮੁੱਖ ਕਾਰਨ ਥਾਈ ਲੌਇਨ ਏਅਰ ਅਤੇ ਏਅਰ ਇੰਡੀਆ ਐਕਸਪ੍ਰੈਸ ਵੱਲੋਂ ਬੈਂਕਾਕ ਲਈ ਸਾਲ 2024 ਦੇ ਅੰਤ ਵਿੱਚ ਸ਼ੁਰੂ ਕੀਤੀਆਂ ਗਈਆਂ ਨਵੀਆਂ ਉਡਾਣਾਂ, ਏਅਰ ਇੰਡੀਆ ਦੀ ਬਰਮਿੰਘਮ, ਨਿਓਸ ਏਅਰ ਦੀ ਮਿਲਾਨ ਤੇ ਮਲੇਸ਼ੀਆ ਏਅਰਲਾਈਨ ਦੀ ਕੁਆਲਾਲੰਪੁਰ ਲਈ ਉਡਾਣਾਂ ਦੀ ਵਧਾਈ ਗਈ ਗਿਣਤੀ ਅਤੇ ਵਧੇਰੇ ਪੰਜਾਬੀਆਂ ਵੱਲੋਂ ਦਿੱਲੀ ਜਾਣ ਦੀ ਬਜਾਏ ਅੰਮ੍ਰਿਤਸਰ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਤਰਜੀਹ ਦੇਣਾ ਹੈ। ਯਾਤਰੀਆਂ ਦੀ ਵਧ ਰਹੀ ਆਵਾਜਾਈ ਨੂੰ ਦੇਖਦਿਆਂ ਉਨ੍ਹਾਂ ਨੇ ਟਰਮੀਨਲ ਦੇ ਤੁਰੰਤ ਵਿਸਤਾਰ, ਪਾਰਕਿੰਗ ਅਤੇ ਹੋਰ ਯਾਤਰੀ ਸੁਵਿਧਾਵਾਂ ਦੇ ਸੁਧਾਰ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ।

Share: