ਨਵੀਂ ਦਿੱਲੀ : ਆਲਮੀ ਰੇਟਿੰਗ ਏਜੰਸੀ ਐੱਸਐਂਡਪੀ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਤਜਵੀਜ਼ਤ ਜਵਾਬੀ ਟੈਕਸ ਲਾਉਣ ਨਾਲ ਭਾਰਤ ’ਤੇ ਬਹੁਤ ਹੀ ਥੋੜਾ ਅਸਰ ਪਵੇਗਾ ਕਿਉਂਕਿ ਮੁਲਕ ਦਾ ਅਰਥਚਾਰਾ ਘਰੇਲੂ ਮੰਗ ’ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਭਾਰਤ ਢੁੱਕਵੀਂ ਸੇਵਾ ਬਰਾਮਦ ਕਰਦਾ ਹੈ ਜਿਸ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਐੱਸਐਂਡਪੀ ਗਲੋਬਲ ਰੇਟਿੰਗਜ਼ ਦੇ ਏਸ਼ੀਆ-ਪੈਸੀਫਿਕ ਦੇ ਆਰਥਿਕ ਮਾਹਿਰ ਵਿਸ਼ਰੁਤ ਰਾਣਾ ਨੇ ਕਿਹਾ ਕਿ ਜਵਾਬੀ ਟੈਕਸ ਦਾ ਨੁਕਸਾਨ ਵੀਅਤਨਾਮ, ਦੱਖਣੀ ਕੋਰੀਆ, ਤਾਇਵਾਨ ਵਰਗੇ ਮੁਲਕਾਂ ਨੂੰ ਜ਼ਿਆਦਾ ਹੋਵੇਗਾ ਕਿਉਂਕਿ ਉਨ੍ਹਾਂ ਦਾ ਅਮਰੀਕਾ ਨਾਲ ਵਾਧੂ ਵਪਾਰ ਹੁੰਦਾ ਹੈ। ਰਾਣਾ ਨੇ ਵੈਬੀਨਾਰ ’ਚ ਕਿਹਾ ਕਿ ਭਾਰਤ ਅਤੇ ਜਪਾਨੀ ਅਰਥਚਾਰੇ ਨੂੰ ਟੈਕਸ ਲਾਗੂ ਹੋਣ ਨਾਲ ਬਹੁਤਾ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਵਾਬੀ ਟੈਕਸਾਂ ਨਾਲ ਮਹਿੰਗਾਈ ਵਧੇਗੀ, ਜਿਸ ਨਾਲ ਆਲਮੀ ਪੱਧਰ ’ਤੇ ਵਿਆਜ ਦਰਾਂ ’ਚ ਵਾਧਾ ਹੋਵੇਗਾ। ਐੱਸਐਂਡਪੀ ਗਲੋਬਲ ਰੇਟਿੰਗਜ਼ ਦੇ ਡਾਇਰੈਕਟਰ ਯੀਫਾਰਨ ਫੂਆ ਨੇ ਕਿਹਾ ਕਿ ਭਾਰਤ ਦਾ ਵਪਾਰ ਅਮਰੀਕਾ ਨਾਲ ਸੇਵਾਵਾਂ ਦੇ ਪੱਧਰ ’ਤੇ ਹੈ ਜਿਸ ’ਤੇ ਟੈਕਸ ਲਗਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਟੈਕਸਾਂ ਕਾਰਨ ਭਾਰਤ ਦੇ ਅਰਥਚਾਰੇ ’ਤੇ ਬਹੁਤ ਦੀ ਸੀਮਤ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਫੂਆ ਨੇ ਕਿਹਾ ਕਿ ਭਾਰਤ ਤੋਂ ਆਉਣ ਵਾਲੀਆਂ ਦਵਾਈਆਂ ’ਤੇ ਅਮਰੀਕਾ ਵਾਧੂ ਟੈਕਸ ਨਹੀਂ ਲਗਾਏਗਾ।
Posted inNews
ਅਮਰੀਕਾ ਦੇ ਜਵਾਬੀ ਟੈਕਸਾਂ ਨਾਲ ਭਾਰਤ ’ਤੇ ਸੀਮਤ ਅਸਰ ਪਵੇਗਾ: ਐੱਸਐਂਡਪੀ
