ਪਨਾਮਾ ਸ਼ਹਿਰ : ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ ਤਿੰਨ ਸੌ ਦੇ ਕਰੀਬ ਲੋਕਾਂ ਨੂੰ ਪਨਾਮਾ ਦੇ ਇਕ ਹੋਟਲ ਵਿਚ ਨਜ਼ਰਬੰਦ ਕੀਤਾ ਗਿਆ ਹੈ। ਇਹ ਗ਼ੈਰਕਾਨੂੰਨੀ ਪਰਵਾਸੀ ਕੌਮਾਂਤਰੀ ਅਥਾਰਿਟੀਜ਼ ਵੱਲੋਂ ਉਨ੍ਹਾਂ ਨੂੰ ਆਪੋ ਆਪਣੇ ਮੁਲਕ ਵਾਪਸ ਭੇਜਣ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਗੈਰਕਾਨੂੰਨੀ ਪਰਵਾਸੀਆਂ ਵਿਚੋਂ ਬਹੁਤੇ ਇਰਾਨ, ਭਾਰਤ, ਨੇਪਾਲ, ਸ੍ਰੀਲੰਕਾ, ਪਾਕਿਸਤਾਨ, ਅਫ਼ਗਾਨਿਸਤਾਨ, ਚੀਨ ਤੇ ਹੋਰਨਾਂ ਏਸ਼ਿਆਈ ਮੁਲਕਾਂ ਨਾਲ ਸਬੰਧਤ ਹਨ। ਅਥਾਰਿਟੀਜ਼ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ 40 ਫੀਸਦ ਤੋਂ ਵੱਧ ਪਰਵਾਸੀ ਸਵੈ-ਇੱਛਾ ਨਾਲ ਆਪੋ-ਆਪਣੇ ਮੁਲਕਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ।
ਅਮਰੀਕਾ ਨੂੰ ਇਨ੍ਹਾਂ ਵਿੱਚੋਂ ਕੁਝ ਨੂੰ ਸਿੱਧੇ ਉਨ੍ਹਾਂ ਦੇ ਮੁਲਕ ਡਿਪੋਰਟ ਕਰਨ ਵਿਚ ਮੁਸ਼ਕਲ ਆ ਰਹੀ ਹੈ, ਲਿਹਾਜ਼ਾ ਪਨਾਮਾ ਨੂੰ ਰਸਤੇ ਵਿਚ ਠਹਿਰ ਵਜੋਂ ਵਰਤਿਆ ਜਾ ਰਿਹਾ ਹੈ। ਪਨਾਮਾ ਦੇ ਸੁਰੱਖਿਆ ਮੰਤਰੀ ਫਰੈਂਕ ਅਬਰੇਗੋ ਨੇ ਮੰਗਲਵਾਰ ਨੂੰ ਕਿਹਾ ਕਿ ਪਨਾਮਾ ਅਤੇ ਅਮਰੀਕਾ ਦਰਮਿਆਨ ਪਰਵਾਸ ਸਮਝੌਤੇ ਤਹਿਤ ਪਰਵਾਸੀਆਂ ਨੂੰ ਡਾਕਟਰੀ ਸਹਾਇਤਾ ਅਤੇ ਭੋਜਨ ਮਿਲ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਹੋਟਲ ਵਿਚ ਗੈਰ-ਕਾਨੂੰਨੀ ਹਿਰਾਸਤ ’ਚ ਰੱਖਿਆ ਗਿਆ ਹੈ। ਉਂਝ ਇਹ ਵਿਦੇਸ਼ੀ ਨਾਗਰਿਕ ਆਪਣੇ ਕਮਰਿਆਂ ਵਿਚੋਂ ਬਾਹਰ ਨਹੀਂ ਆ ਸਕਦੇ। ਹੋਟਲ ਦੇ ਬਾਹਰ ਪੁਲੀਸ ਦਾ ਪਹਿਰਾ ਹੈ।
ਪਨਾਮਾ ਸਰਕਾਰ ਹੁਣ ਡਿਪੋਰਟੀਆਂ ਲਈ ਇੱਕ ‘ਪੁਲ’ ਜਾਂ ਟਰਾਂਜ਼ਿਟ ਦੇਸ਼ ਵਜੋਂ ਕੰਮ ਕਰਨ ਲਈ ਸਹਿਮਤ ਹੋ ਗਈ ਹੈ, ਜਦੋਂ ਕਿ ਅਮਰੀਕਾ ਕਾਰਵਾਈ ਦੇ ਸਾਰੇ ਖਰਚੇ ਸਹਿਣ ਕਰੇਗਾ। ਇਸ ਸਮਝੌਤੇ ਦਾ ਐਲਾਨ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਫੇਰੀ ਮਗਰੋਂ ਕੀਤਾ ਗਿਆ ਸੀ। ਪਨਾਮਾ ਦੇ ਰਾਸ਼ਟਰਪਤੀ ਜੋਸ ਰਾਊਲ ਮੁਲੀਨੋ ਨੇ ਪਿਛਲੇ ਵੀਰਵਾਰ ਨੂੰ ਡਿਪੋਰਟੀਜ਼ ਦੀਆਂ ਪਹਿਲੀਆਂ ਉਡਾਣਾਂ ਦੇ ਆਉਣ ਦਾ ਐਲਾਨ ਕੀਤਾ ਸੀ।
ਜ਼ਿਆਦਾ ਡਿਪੋਰਟੀ ਪੰਜਾਬ ਦੇ ਹੋਣ ਕਾਰਨ ਅੰਮ੍ਰਿਤਸਰ ’ਚ ਉਤਾਰੀਆਂ ਉਡਾਣਾਂ: ਕੇਂਦਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਰਤੀ ਡਿਪੋਰਟੀਆਂ ਨੂੰ ਲੈ ਕੇ ਆਉਣ ਵਾਲੀਆਂ ਅਮਰੀਕੀ ਉਡਾਣਾਂ ਅੰਮ੍ਰਿਤਸਰ ਉਤਾਰਨ ਸਬੰਧੀ ਜਤਾਏ ਗਏ ਇਤਰਾਜ਼ ’ਤੇ ਕੇਂਦਰ ਨੇ ਕਿਹਾ ਕਿ ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਦਾ ਸਭ ਤੋਂ ਵੱਡਾ ਹਿੱਸਾ ਇਸੇ ਸੂਬੇ ਦਾ ਹੈ। 5 ਫਰਵਰੀ ਤੋਂ ਭਾਰਤ ਪਹੁੰਚੀਆਂ ਤਿੰਨ ਉਡਾਣਾਂ ਦੇ ਅੰਕੜੇ ਸਾਂਝੇ ਕਰਦਿਆਂ ਸੂਤਰਾਂ ਨੇ ਕਿਹਾ ਕਿ ਅਮਰੀਕੀ ਫ਼ੌਜੀ ਜਹਾਜ਼ਾਂ ਰਾਹੀਂ ਵਾਪਸ ਭੇਜੇ ਗਏ 333 ਪਰਵਾਸੀਆਂ ’ਚੋਂ ਕੁੱਲ 126 ਪੰਜਾਬ ਦੇ ਵਸਨੀਕ ਹਨ। ਇਸ ਤੋਂ ਬਾਅਦ ਗੁਆਂਢੀ ਸੂਬੇ ਹਰਿਆਣਾ ਤੋਂ 110 ਅਤੇ ਗੁਜਰਾਤ ਤੋਂ 74 ਲੋਕ ਹਨ। ਸੂਤਰਾਂ ਨੇ ਦੱਸਿਆ ਕਿ ਮਈ 2020 ਤੋਂ ਹੁਣ ਤੱਕ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ 23 ਉਡਾਣਾਂ ਦੇਸ਼ ਪਹੁੰਚੀਆਂ ਹਨ ਅਤੇ ਇਹ ਸਾਰੀਆਂ ਅੰਮ੍ਰਿਤਸਰ ਹੀ ਉੱਤਰੀਆਂ ਹਨ।
ਮੋਦੀ ਨੂੰ ਜਵਾਬੀ ਟੈਕਸਾਂ ਦੇ ਮੁੱਦੇ ’ਤੇ ਟਰੰਪ ਵੱਲੋਂ ਕੋਰਾ ਜਵਾਬ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਨੂੰ ਵਾਸ਼ਿੰਗਟਨ ਦੇ ਜਵਾਬੀ ਟੈਕਸਾਂ ਤੋਂ ਛੋਟ ਨਹੀਂ ਦਿੱਤੀ ਜਾਵੇਗੀ। ਟਰੰਪ ਨੇ ਕਿਹਾ ਕਿ ਟੈਕਸਾਂ ਦੇ ਮੁੱਦੇ ’ਤੇ ਕੋਈ ਵੀ ਉਨ੍ਹਾਂ ਨਾਲ ਬਹਿਸ ਨਹੀਂ ਕਰ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ‘ਫੌਕਸ ਨਿਊਜ਼’ ਨੂੰ ਦਿੱਤੇ ਇੰਟਰਵਿਊ ਦੌਰਾਨ ਇਹ ਟਿੱਪਣੀਆਂ ਕੀਤੀਆਂ। ਫੌਕਸ ਨਿਊਜ਼ ਨੇ ਰਾਸ਼ਟਰਪਤੀ ਟਰੰਪ ਅਤੇ ਅਰਬਪਤੀ ਐਲਨ ਮਸਕ ਨਾਲ ਕੀਤਾ ਗਿਆ ਸਾਂਝਾ ਇੰਟਰਵਿਊ ਮੰਗਲਵਾਰ ਰਾਤ ਪ੍ਰਸਾਰਿਤ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਨੇ 13 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਜਵਾਬੀ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਇੰਟਰਵਿਊ ਦੌਰਾਨ ਟਰੰਪ ਨੇ ਅਮਰੀਕਾ ਅਤੇ ਭਾਰਤ ਸਮੇਤ ਹੋਰ ਭਾਈਵਾਲਾਂ ਵਿਚਕਾਰ ਮੌਜੂਦਾ ਟੈਕਸ ਬਣਤਰਾਂ ’ਤੇ ਆਪਣਾ ਰੁਖ਼ ਦੁਹਰਾਇਆ। ਇੰਟਰਵਿਊ ਦੌਰਾਨ ਟਰੰਪ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਜਦੋਂ ਇਥੇ ਸਨ ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਅਸੀਂ ਬਰਾਬਰੀ ਦਾ ਜਵਾਬੀ ਟੈਕਸ ਲਗਾਉਣ ਜਾ ਰਹੇ ਹਾਂ। ਤੁਸੀਂ ਜੋ ਵੀ ਟੈਕਸ ਵਸੂਲੋਗੇ, ਅਸੀ ਵੀ ਓਨਾ ਹੀ ਟੈਕਸ ਲਾਵਾਂਗੇ। ਮੈਂ ਹਰ ਮੁਲਕ ਨਾਲ ਇੰਜ ਹੀ ਕਰ ਰਿਹਾ ਹਾਂ।’’ ਅਮਰੀਕਾ ਤੋਂ ਬਰਾਮਦ ’ਤੇ ਭਾਰਤ ਬਹੁਤ ਜ਼ਿਆਦਾ ਟੈਕਸ ਲਗਾਉਂਦਾ ਹੈ ਜਿਵੇਂ ਆਟੋਮੋਬਾਈਲ ਸੈਕਟਰ ’ਚ ਭਾਰਤ 100 ਫ਼ੀਸਦ ਟੈਕਸ ਲਗਾਉਂਦਾ ਹੈ। ਇੰਟਰਵਿਊ ਦੌਰਾਨ ਮਸਕ ਨੇ ਕਿਹਾ, ‘‘ਆਟੋ ਬਰਾਮਦ ’ਤੇ 100 ਫ਼ੀਸਦ ਟੈਕਸ ਹੈ। ਇਹ ਬਹੁਤ ਜ਼ਿਆਦਾ ਹੈ ਅਤੇ ਕੁਝ ਹੋਰ ਵਸਤਾਂ ’ਤੇ ਵੀ ਇੰਜ ਹੀ ਹੈ। ਮੈਂ ਆਖਿਆ ਕਿ ਅਸੀਂ ਜਵਾਬੀ ਟੈਕਸ ਲਗਾਉਣ ਜਾ ਰਹੇ ਹਾਂ। ਜੋ ਤੁਸੀਂ ਵਸੂਲੋਗੇ, ਮੈਂ ਵੀ ਓਨਾ ਹੀ ਟੈਕਸ ਲਗਾਵਾਂਗਾ।’’ ਟਰੰਪ ਨੇ ਕਿਹਾ ਕਿ ਉਨ੍ਹਾਂ ਨਾਲ ਕੋਈ ਵੀ ਬਹਿਸ ਨਹੀਂ ਕਰ ਸਕਦਾ ਹੈ ਕਿਉਂਕਿ ਜੇ ਅਸੀਂ 25 ਫ਼ੀਸਦ ਟੈਕਸ ਲਾਵਾਂਗੇ ਤਾਂ ਉਹ ਆਖਦੇ ਨੇ ਇਹ ਬਹੁਤ ਖ਼ਤਰਨਾਕ ਹੈ ਪਰ ਮੈਂ ਹੁਣ ਇਹ ਨਹੀਂ ਆਖਦਾ ਹਾਂ ਅਤੇ ਅਸੀਂ ਜਵਾਬੀ ਟੈਕਸ ਲਾਵਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਉਹ ਇੰਜ ਹੀ ਰੁਕਣਗੇ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਭਾਰਤ ਨੂੰ ‘ਟੈਰਿਫ਼ ਕਿੰਗ’ ਆਖਿਆ ਸੀ ਅਤੇ ਮਈ 2019 ’ਚ ਉਨ੍ਹਾਂ ਭਾਰਤ ਦੀ ਤਰਜੀਹੀ ਮਾਰਕੀਟ ਪਹੁੰਚ ਨੂੰ ਰੱਦ ਕਰ ਦਿੱਤਾ ਸੀ। ਇੰਟਰਵਿਊ ਦੌਰਾਨ ਮਸਕ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਸਮੇਤ ਦੋ ਪੁਲਾੜ ਯਾਤਰੀਆਂ ਨੂੰ ਜਾਣ ਬੁੱਝ ਕੇ ਸਿਆਸੀ ਉਦੇਸ਼ ਲਈ ਬਾਇਡਨ ਪ੍ਰਸ਼ਾਸਨ ਨੇ ਉਥੇ ਫਸਾ ਕੇ ਰੱਖਿਆ ਹੋਇਆ ਹੈ। ਮਸਕ ਦੇ ਸਪੇਸਐਕਸ ਵੱਲੋਂ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਧਰਤੀ ’ਤੇ ਲਿਆਉਣ ਲਈ ਛੇਤੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਭਾਰਤ ਕੋਲ ਬਹੁਤ ਸਾਰੀ ਮਾਇਆ, ਅਸੀਂ 2.1 ਕਰੋੜ ਡਾਲਰ ਕਿਉਂ ਦੇਈਏ: ਟਰੰਪ
ਨਿਊਯਾਰਕ/ਫਲੋਰਿਡਾ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਚ ‘ਵੋਟਰਾਂ ਦੀ ਸ਼ਮੂਲੀਅਤ ਵਧਾਉਣ’ ਲਈ 2.1 ਕਰੋੜ ਡਾਲਰ ਦੀ ਦਿੱਤੀ ਜਾਂਦੀ ਮਾਲੀ ਮਦਦ ’ਤੇ ਸਵਾਲ ਖੜ੍ਹੇ ਕਰਦਿਆਂ ਦੁਹਾਇਆ ਕਿ ਭਾਰਤ ’ਚ ਟੈਕਸ ਵਧ ਹੋਣ ਕਾਰਨ ਅਮਰੀਕਾ ਉਥੇ ਵਪਾਰ ਨਹੀਂ ਕਰ ਸਕਦਾ ਹੈ। ਟਰੰਪ ਨੇ ਕਿਹਾ, ‘‘ਭਾਰਤ ਦੁਨੀਆ ’ਚ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਮੁਲਕਾਂ ’ਚੋਂ ਇਕ ਹੈ।’’ ਮਾਰ-ਏ-ਲਾਗੋ ’ਚ ਮੰਗਲਵਾਰ ਨੂੰ ਹੁਕਮਾਂ ’ਤੇ ਦਸਤਖ਼ਤ ਕਰਦਿਆਂ ਟਰੰਪ ਨੇ ਕਿਹਾ, ‘‘ਭਾਰਤ ਨੂੰ ਅਮਰੀਕਾ 2.1 ਕਰੋੜ ਡਾਲਰ ਦੀ ਸਹਾਇਤਾ ਕਿਉਂ ਦੇ ਰਿਹਾ ਹੈ? ਉਨ੍ਹਾਂ ਕੋਲ ਬਹੁਤ ਸਾਰੀ ਮਾਇਆ ਹੈ। ਭਾਰਤ ਦੁਨੀਆ ’ਚ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਮੁਲਕਾਂ ’ਚੋਂ ਇਕ ਹੈ। ਟੈਕਸ ਜ਼ਿਆਦਾ ਹੋਣ ਕਾਰਨ ਅਸੀਂ ਉਥੇ ਮੁਸ਼ਕਲ ਨਾਲ ਹੀ ਵਪਾਰ ਕਰ ਪਾਉਂਦੇ ਹਾਂ।’’ ਜ਼ਿਕਰਯੋਗ ਹੈ ਕਿ ਟਰੰਪ ਨੇ ਪਿਛਲੇ ਮਹੀਨੇ ਟੈਸਲਾ ਦੇ ਸੀਈਓ ਐਲਨ ਮਸਕ ਨੂੰ ਨਵੇਂ ਪ੍ਰਸ਼ਾਸਕੀ ਕੁਸ਼ਲਤਾ ਬਾਰੇ ਵਿਭਾਗ (ਡੀਓਜੀਈ) ਦਾ ਮੁਖੀ ਲਾਇਆ ਹੈ। ਸ਼ਾਸਨ ਵਿੱਚ ਸੁਧਾਰ ਕਰਨ ਅਤੇ ਵਾਧੂ ਖ਼ਰਚਿਆਂ ਨੂੰ ਰੋਕਣ ਤਹਿਤ ਡੀਓਜੀਈ ਨੇ 15 ਫਰਵਰੀ ਨੂੰ ਟੈਕਸਦਾਤਾਵਾਂ ਦੇ ਕਰੋੜਾਂ ਡਾਲਰਾਂ ਦੀ ਲਾਗਤ ਵਾਲੇ ਕਈ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ।