ਨਵੀਂ ਦਿੱਲੀ :ਬੱਸ ਟਾਈਮ ਟਾਈਮ ਦੀ ਗੱਲ ਹੈ। ਦਿੱਲੀ ਦੀ ਮਨੋਨੀਤ ਮੁੱਖ ਮੰਤਰੀ ਰੇਖਾ ਗੁਪਤਾ ਕਦੇ ਵਿਦਿਆਰਥੀ ਸਿਆਸਤ ਵਿਚ ਸਰਗਰਮ ਸੀ। ਸਾਲ 1995 ਵਿਚ ਉਨ੍ਹਾਂ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (DUSU) ਦੀ ਚੋਣ ਲੜੀ ਤੇ ਜਨਰਲ ਸਕੱਤਰ ਦੇ ਅਹੁਦੇ ’ਤੇ ਜਿੱਤ ਦਰਜ ਕੀਤੀ ਜਦੋਂਕਿ ਅਲਕਾ ਲਾਂਬਾ ਉਦੋਂ ਵਿਦਿਆਰਥੀ ਐਸੋਸੀਏਸ਼ਨ ਦੀ ਪ੍ਰਧਾਨ ਸੀ।
ਰੇਖਾ ਗੁਪਤਾ, ਏਬੀਵੀਪੀ ਤੋਂ ਬਾਅਦ ਹੁਣ ਭਾਜਪਾ ਵਿੱਚ ਹੈ, ਜਦੋਂ ਕਿ ਅਲਕਾ ਲਾਂਬਾ ਆਪਣੇ ਵਿਦਿਆਰਥੀ ਜੀਵਨ ਦੌਰਾਨ ਕਾਂਗਰਸ ਵਿਦਿਆਰਥੀ ਸੰਗਠਨ ਨਾਲ ਜੁੜੀ ਹੋਈ ਸੀ। ਮਗਰੋਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ ਹੁਣ ਮੁੜ ਕਾਂਗਰਸ ਵਿੱਚ ਹੈ।
ਅਲਕਾ ਲਾਂਬਾ ਨੇ ਇਸ ਮਹੀਨੇ ਵਿਧਾਨ ਸਭਾ ਚੋਣਾਂ ਵਿੱਚ ਕਾਲਕਾਜੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਆਤਿਸ਼ੀ ਖਿਲਾਫ ਚੋਣ ਲੜੀ ਸੀ। ਅਲਕਾ ਲਾਂਬਾ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਇੱਕ ਪੋਸਟ ਸਾਂਝੀ ਕੀਤੀ। ਇਸ ਪੋਸਟ ਵਿਚ ਉਸ ਨੇ ਇੱਕ ਪੁਰਾਣੀ ਫੋਟੋ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਲਾਂਬਾ ਅਤੇ ਰੇਖਾ ਗੁਪਤਾ ਦਿਖਾਈ ਦੇ ਰਹੇ ਹਨ।
ਅਲਕਾ ਲਾਂਬਾ ਨੇ ਲਿਖਿਆ, ‘‘ਇਹ ਯਾਦਗਾਰੀ ਫੋਟੋ 1995 ਦੀ ਹੈ-ਜਦੋਂ ਮੈਂ ਅਤੇ ਰੇਖਾ ਗੁਪਤਾ ਨੇ ਇਕੱਠੇ ਸਹੁੰ ਚੁੱਕੀ ਸੀ। ਮੈਂ NSUI ਤੋਂ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (DUSU) ਦੇ ਪ੍ਰਧਾਨ ਦਾ ਅਹੁਦਾ ਜਿੱਤਿਆ ਅਤੇ ਰੇਖਾ ਨੇ ABVP ਤੋਂ ਜਨਰਲ ਸਕੱਤਰ ਦਾ ਅਹੁਦਾ ਜਿੱਤਿਆ। ਰੇਖਾ ਗੁਪਤਾ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ। ਦਿੱਲੀ ਨੂੰ ਚੌਥੀ ਮਹਿਲਾ ਮੁੱਖ ਮੰਤਰੀ ਮਿਲਣ ਦੀਆਂ ਵਧਾਈਆਂ। ਅਸੀਂ ਦਿੱਲੀ ਵਾਲੇ ਉਮੀਦ ਕਰਦੇ ਹਾਂ ਕਿ ਯਮੁਨਾ ਸਾਫ਼ ਹੋਵੇਗੀ ਅਤੇ ਧੀਆਂ ਸੁਰੱਖਿਅਤ ਰਹਿਣਗੀਆਂ।’’
ਰੇਖਾ ਗੁਪਤਾ ਦੀ ਨਿਯੁਕਤੀ ਨਾਲ, ਦਿੱਲੀ ਨੂੰ ਹੁਣ ਚੌਥੀ ਮਹਿਲਾ ਮੁੱਖ ਮੰਤਰੀ ਮਿਲੀ ਹੈ। ਉਨ੍ਹਾਂ ਤੋਂ ਪਹਿਲਾਂ ਸੁਸ਼ਮਾ ਸਵਰਾਜ (ਭਾਜਪਾ), ਸ਼ੀਲਾ ਦੀਕਸ਼ਿਤ (ਕਾਂਗਰਸ) ਅਤੇ ਆਤਿਸ਼ੀ (ਆਪ) ਇਸ ਅਹੁਦੇ ’ਤੇ ਰਹਿ ਚੁੱਕੇ ਹਨ। ਰੇਖਾ ਗੁਪਤਾ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਲੀਮਾਰ ਬਾਗ ਸੀਟ ਤੋਂ ‘ਆਪ’ ਦੀ ਵੰਦਨਾ ਕੁਮਾਰੀ ਨੂੰ 29,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਰੇਖਾ ਗੁਪਤਾ ਅਤੇ ਅਲਕਾ ਲਾਂਬਾ, ਜੋ 1995 ਵਿੱਚ DUSU ਚੋਣਾਂ ਦੌਰਾਨ ਯੁਵਾ ਰਾਜਨੀਤੀ ਵਿੱਚ ਸਰਗਰਮ ਸਨ, ਅੱਜ ਵੀ ਰਾਜਨੀਤੀ ਵਿੱਚ ਆਪਣੀ ਛਾਪ ਛੱਡ ਰਹੀਆਂ ਹਨ। ਹੁਣ, ਤਿੰਨ ਦਹਾਕਿਆਂ ਬਾਅਦ, ਰੇਖਾ ਗੁਪਤਾ ਦਿੱਲੀ ਦੀ ਮੁੱਖ ਮੰਤਰੀ ਬਣਨ ਲਈ ਤਿਆਰ ਹੈ, ਜਿਸ ਨਾਲ ਭਾਜਪਾ ਨੂੰ ਮਹਿਲਾ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ।