ਨਵੀਂ ਦਿੱਲੀ : ਅਡਾਨੀ ਗਰੁੱਪ ਦੀ ਨਵਿਆਉਣਯੋਗ ਊਰਜਾ ਕੰਪਨੀ ਅਡਾਨੀ ਗਰੀਨ ਐਨਰਜੀ ਲਿਮਟਿਡ (ਏਜੀਈਐੱਲ) ਨੇ ਸ੍ਰੀਲੰਕਾ ’ਚ ਤਜਵੀਜ਼ਤ ਦੋ ਪੌਣ ਪਾਵਰ ਪ੍ਰਾਜੈਕਟਾਂ ਤੋਂ ਆਪਣੇ ਹੱਥ ਪਿਛਾਂਹ ਖਿੱਚ ਲਏ ਹਨ। ਸ੍ਰੀਲੰਕਾ ਦੀ ਨਵੀਂ ਸਰਕਾਰ ਦੇ ਬਿਜਲੀ ਦਰਾਂ ਬਾਰੇ ਨਵੇਂ ਸਿਰੇ ਤੋਂ ਗੱਲਬਾਤ ਕਰਨ ਦੇ ਫ਼ੈਸਲੇ ਮਗਰੋਂ ਕੰੰਪਨੀ ਨੇ ਪ੍ਰਾਜੈਕਟਾਂ ਤੋਂ ਹਟਣ ਦਾ ਐਲਾਨ ਕੀਤਾ। ਅਡਾਨੀ ਗਰੀਨ ਐਨਰਜੀ ਲਿਮਟਿਡ ਨੇ ਇਕ ਬਿਆਨ ’ਚ ਕਿਹਾ, ‘‘ਸ੍ਰੀਲੰਕਾ ਨੂੰ ਨਵਿਆਉਣਯੋਗ ਐਨਰਜੀ ਪੌਣ ਊਰਜਾ ਪ੍ਰਾਜੈਕਟ ਅਤੇ ਦੋ ਟਰਾਂਸਮਿਸ਼ਨ ਪ੍ਰਾਜੈਕਟਾਂ ’ਚ ਅੱਗੇ ਭਾਈਵਾਲੀ ਤੋਂ ਸਨਮਾਨਪੂਰਵਕ ਹਟਣ ਦੇ ਆਪਣੇ ਬੋਰਡ ਦੇ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।’’ ਕੰਪਨੀ ਨੂੰ ਦੋ ਪ੍ਰਾਜੈਕਟਾਂ ’ਚ ਪੌਣ ਊਰਜਾ ਤੋਂ ਬਿਜਲੀ ਬਣਾਉਣ ਅਤੇ ਇਸ ਨੂੰ ਵਰਤੋਂਕਾਰਾਂ ਤੱਕ ਲਿਜਾਣ ਲਈ ਟਰਾਂਸਮਿਟਿੰਗ ਲਾਈਨ ਵਿਛਾਉਣ ’ਤੇ ਕੁੱਲ ਇਕ ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰਨਾ ਸੀ। ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਦੀ ਅਗਵਾਈ ਹੇਠਲੀ ਨਵੀਂ ਸਰਕਾਰ ਨੇ ਇਸ ਪ੍ਰਾਜੈਕਟ ਦੀ ਨਜ਼ਰਸਾਨੀ ਦੇ ਹੁਕਮ ਦਿੱਤੇ ਸਨ ਜੋ ਬਿਜਲੀ ਦੀ ਲਾਗਤ ਘੱਟ ਕਰਨਾ ਚਾਹੁੰਦੀ ਹੈ। ਏਜੀਈਐੱਲ ਨੇ ਕਿਹਾ, ‘‘ਅਸੀਂ ਸ੍ਰੀਲੰਕਾ ਲਈ ਵਚਨਬੱਧ ਹਾਂ ਅਤੇ ਜੇ ਉਥੋਂ ਦੀ ਸਰਕਾਰ ਚਾਹੇਗੀ ਤਾਂ ਭਵਿੱਖ ’ਚ ਸਹਿਯੋਗ ਕਰਨ ਲਈ ਤਿਆਰ ਹਾਂ।’’ ਉਂਜ ਅਡਾਨੀ ਗਰੁੱਪ ਕੋਲੰਬੋ ’ਚ ਸ੍ਰੀਲੰਕਾ ਦੇ ਸਭ ਤੋਂ ਵੱਡੀ ਬੰਦਰਗਾਹ ’ਤੇ 70 ਕਰੋੜ ਅਮਰੀਕੀ ਡਾਲਰ ਦੇ ਟਰਮੀਨਲ ਪ੍ਰਾਜੈਕਟ ’ਚ ਨਿਵੇਸ਼ ਕਰਨਾ ਜਾਰੀ ਰਖੇਗਾ।
Posted inDelhi
ਅਡਾਨੀ ਨੇ ਸ੍ਰੀਲੰਕਾ ਦੇ ਪਾਵਰ ਪ੍ਰਾਜੈਕਟ ਤੋਂ ਹੱਥ ਪਿਛਾਂਹ ਖਿੱਚੇ
