ਨਵੀਂ ਦਿੱਲੀ : ਨਿਊ ਯਾਰਕ ਤੋਂ ਨਵੀਂ ਦਿੱਲੀ ਆ ਰਹੀ American Airlines ਦੇ ਜਹਾਜ਼, ਜਿਸ ਨੂੰ ਕਥਿਤ ਬੰਬ ਦੀ ਧਮਕੀ ਕਰਕੇ Rome ਡਾਈਵਰਟ ਕਰਨਾ ਪਿਆ ਸੀ, ਵਿਚ ਸਵਾਰ ਕੁਝ ਯਾਤਰੀਆਂ ਨੂੰ ਅੱਗੇ ਦੀ ਯਾਤਰਾ ਲਈ ਹੋਰਨਾਂ ਉਡਾਣਾਂ ਰਾਹੀਂ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਲੀਓਨਾਰਡੋ ਦਾ ਵਿਨਸੀ (Leonardo Da Vinci) ਹਵਾਈ ਅੱਡੇ ਦੇ ਤਰਜਮਾਨ ਨੇ ਇਕ ਬਿਆਨ ਵਿਚ ਕਿਹਾ, ‘‘66 ਯਾਤਰੀ, ਜਿਨ੍ਹਾਂ ਵਿਚੋਂ ਬਹੁਗਿਣਤੀ ਭਾਰਤੀ ਹਨ ਤੇ ਜਿਨ੍ਹਾਂ ਕੋਲ ਇਟਲੀ ਵਿਚ ਦਾਖ਼ਲੇ ਦਾ ਵੀਜ਼ਾ ਨਹੀਂ ਹੈ, ਨੂੰ ਤਰਜੀਹ ਦਿੱਤੀ ਗਈ ਹੈ।’’
ਬਿਆਨ ਮੁਤਾਬਕ ਇਨ੍ਹਾਂ ਯਾਤਰੀਆਂ ਲਈ ਹਵਾਈ ਅੱਡੇ ਦੀ ਲੌਂਜ ਵਿਚ ਰੁਕਣ ਦਾ ਪ੍ਰਬੰਧ ਕੀਤਾ ਗਿਆ ਅਤੇ ਅਮਰੀਕੀ ਏਅਰਲਾਈਨ ਤੇ ਰੋਮ ਹਵਾਈ ਅੱਡੇ ਦੇ ਸਟਾਫ਼ ਵੱਲੋਂ ਉਨ੍ਹਾਂ ਦੀ ਸਹਾਇਤਾ ਕੀਤੀ ਗਈ। American Airlines ਦੇ ਜਹਾਜ਼ ਵਿਚ 200 ਤੋਂ ਵੱਧ ਲੋਕ ਸਵਾਰ ਸਨ ਜਦੋਂ ਫਲਾਈਟ ਨੂੰ ਐਤਵਾਰ ਨੂੰ ਰੋਮ ਵੱਲ ਮੋੜਨਾ ਪਿਆ।
ਬਿਆਨ ਵਿਚ ਕਿਹਾ ਗਿਆ, ‘‘American Airlines ਦੀ ਨਿਊ ਯਾਰਕ ਤੋਂ ਦਿੱਲੀ ਜਾ ਰਹੀ ਉਡਾਣ AA292 ਨੂੰ ਬੰਬ ਦੀ ਧਮਕੀ ਕਰਕੇ ਰੋਮ ਦੇ Fiumicino Airport ਉੱਤੇ ਲੰਘੇ ਦਿਨ ਬਾਅਦ ਦੁਪਹਿਰ ਉੱਤਰਨਾ ਪਿਆ। ਇਨ੍ਹਾਂ ਯਾਤਰੀਆਂ ਨੂੰ ਅੱਜ ਹੋਰਨਾਂ ਫਲਾਈਟਾਂ ਜ਼ਰੀਏ ਅਗਲੇ ਸਫ਼ਰ ਲਈ ਭੇਜਿਆ ਜਾ ਰਿਹਾ ਹੈ।’’
ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਉਡਾਣ AA292 ਨੂੰ ਮਿਲੀ ਧਮਕੀ ਤੋਂ ਫੌਰੀ ਮਗਰੋਂ ਦਿੱਲੀ ਹਵਾਈ ਅੱਡੇ ’ਤੇ ਬੰਬ ਥਰੈੱਟ ਅਸੈੱਸਮੈਂਟ ਕਮੇਟੀ (BTAC) ਬਣਾਈ ਗਈ। ਕਮੇਟੀ ਨੇ ਨੇੜਲੇ ਹਵਾਈ ਅੱਡੇ ’ਤੇ ਜਹਾਜ਼ ਦੇ ਨਿਰੀਖਣ ਦੀ ਮੰਗ ਕੀਤੀ ਤੇ ਮਗਰੋਂ ਲੋੜੀਂਦੀ ਜਾਂਚ ਲਈ ਉਡਾਣ ਨੂੰ ਰੋਮ ਵੱਲ ਮੋੜ ਦਿੱਤਾ ਗਿਆ।
ਐਤਵਾਰ ਨੂੰ American Airlines ਨੇ ਇੱਕ ਬਿਆਨ ਵਿੱਚ ਕਿਹਾ ਕਿ ਫਲਾਈਟ AA292 ਨੂੰ ‘ਸੰਭਾਵੀ ਸੁਰੱਖਿਆ ਫ਼ਿਕਰਾਂ’ ਕਰਕੇ ਰੋਮ ਵੱਲ ਮੋੜ ਦਿੱਤਾ ਗਿਆ ਸੀ। ਏਅਰਲਾਈਨ ਨੇ ਇਹ ਕਿਹਾ ਸੀ ਕਿ ਦਿੱਲੀ ਹਵਾਈ ਅੱਡੇ ਦੇ ਪ੍ਰੋਟੋਕੋਲ ਅਨੁਸਾਰ, ਫਲਾਈਟ ਦੇ ਦਿੱਲੀ ਵਿੱਚ ਉਤਰਨ ਤੋਂ ਪਹਿਲਾਂ ਇੱਕ ਨਿਰੀਖਣ ਦੀ ਲੋੜ ਸੀ।