ਸ਼ੁਭ ਸਵੇਰ ਦੋਸਤੋ

ਅੱਧੀ ਜ਼ਿੰਦਗੀ ਵਰਦੀ ਵਿੱਚ ਗੁਜ਼ਰ ਗਈ, ਬਾਕੀ ਰਹਿੰਦੀ ਵਰਦੀ ਦੀਆਂ ਮਿਹਰਬਾਨੀਆਂ ਪ੍ਰਤੀ ਧੰਨਵਾਦ ਦੇ ਹੁਲਾਰਿਆਂ, ਸ਼ੁਕਰਾਨੇ ਕਰਦਿਆ ਤੇ ਸਤਿਕਾਰ ਵਿੱਚ ਗੁਜ਼ਰੇਗੀ। ਹੋਰਨਾਂ ਦਾ ਪਤਾ ਨਹੀਂ, ਪਰ ਮੇਰੀਆਂ ਘਰ ਪਰਿਵਾਰ ਦੀਆਂ ਮੁਢਲੀਆਂ ਲੋੜਾਂ ਤਾਂ ਵਰਦੀ ਸਦਕੇ ਹੀ ਪੂਰੀਆਂ ਹੋਈਆਂ ਹਨ। ਸੋ ਇਸ ਲਈ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਵਰਦੀ ਦੀ ਸ਼ਾਨੋ-ਸ਼ੌਕਤ ਨੂੰ ਬਰਕਰਾਰ ਰੱਖਾ, ਮੁਫ਼ਤ ਵਿੱਚ ਕਿੱਸੇ ਲੈ ਕੇ ਕੁੱਝ ਵੀ ਨਾ ਖਾਵਾਂ ਕਿਉਂਕਿ ਮੈਨੂੰ ਤਾਂ ਪੱਤੇ ਵਾਂਗ ਡਿੱਗੇ ਨੂੰ ਰੋਜ਼ਗਾਰ ਮਿਲਿਆ ਸੀ, ਅੱਜ ਵਰਦੀ ਕਰਕੇ ਮੈਂ ਪੱਤਾ ਨਹੀਂ ਹਵਾ ਹਾਂ। ਕੁਦਰਤ ਸਭ ਤੇ ਮਿਹਰ ਕਰੇ, ਵਰਦੀ ਵਾਲਾ ਕੋਈ ਨੌਜਵਾਨ ਜਾਂ ਅਧਿਕਾਰੀ ਕਦੇ ਆਪਣੇ ਈਮਾਨ, ਕਿਰਦਾਰ ਜਾਂ ਇਕਲਾਖ ਤੋਂ ਨਾ ਡੋਲੇ, ਧੁਰ ਅੰਦਰੋਂ ਸਤਿਕਾਰ ਵਾਲੇ ਸਲਿਊਟ ਮਿਲਦੇ ਰਹਿਣ।
ਖੇਤਰ ਕੋਈ ਵੀ ਹੋਵੇ, ਸਮਾਜ ਲਈ ਮਨੁੱਖ ਸੋਚਦਾ ਉਦੋਂ ਹੀ ਹੈ, ਜਦੋਂ ਆਪਣੇ ਮਿਹਨਤੀ ਯਤਨਾਂ ਵਿੱਚੋਂ, ਓਹ ਚੰਗੇਰੇ ਸਿੱਟਿਆਂ ਦੀ ਆਸ ਲਾਉਂਦਾ ਹੈ। ਰੋਜ਼ਗਾਰ ਕੋਈ ਵੀ ਹੋਵੇ ਇਸ ਨਾਲ ਅਸੀਂ ਹੋਰਨਾਂ ਲੋਕਾਂ ਦੇ ਸਪੰਰਕ ਵਿੱਚ ਜ਼ਿਆਦਾ ਆਉਂਦੇ ਹਾਂ, ਆਲੇ-ਦੁਆਲੇ ਨਾਲ ਇੱਕ-ਸੁਰ ਹੋ ਕੇ ਮਹੱਤਵ ਪ੍ਰਾਪਤ ਕਰਦੇ ਹਾਂ। ਆਪਣੇ ਕਰਤੱਵਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਸਦਕੇ ਅਸੀਂ ਸਨਮਾਨ ਯੋਗ ਬਣਦੇ ਹਾਂ, ਸਾਡੀਆਂ ਹਾਰਾਂ ਵੀ ਜਿੱਤਾਂ ਵਰਗੀਆਂ ਹੋ ਜਾਂਦੀਆਂ ਹਨ। ਮਿਲੇ ਰੋਜ਼ਗਾਰ ਰਾਹੀਂ ਸਾਡਾ ਪਰਿਵਾਰ ਵੱਧਦਾ ਫੁੱਲਦਾ ਹੈ। ਕੁਦਰਤ ਭਲੀ ਕਰੇ ਰੋਜ਼ਗਾਰ ਵਿੱਚ ਕਿਸੇ ਨੂੰ ਲਾਹਨਤਾਂ ਨਾ ਪੈਣ।
ਪੁਲਿਸ ਵਰਦੀ ਵਿੱਚ ਵੀ ਸਾਡੇ ਹੀ ਧੀਆਂ ਪੁੱਤ ਹਨ, ਸੋ ਸਾਡੇ ਹੀ ਸਮਾਜ ਦਾ ਅੰਗ ਹਨ। ਕਿਸੇ ਇੱਕ ਦੀ ਅਣ-ਗਹਿਲੀ ਕਰ ਕੇ ਬਾਕੀ ਸਾਰਿਆਂ ਨੂੰ ਬੁਰਾ ਕਹਿਣਾ ਅਤਿ ਨਿੰਦਣਯੋਗ ਵਰਤਾਰਾ ਹੈ। ਪੁਲਿਸ ਵਾਲਿਆਂ ਦੇ ਵੀ ਮਾਪੇ, ਭੈਣ, ਭਰਾ, ਬੱਚੇ ਤੇ ਰਿਸ਼ਤਦਾਰ ਸਮਾਜ ਵਿੱਚੋਂ ਹੀ ਹੁੰਦੇ ਹਨ। ਅਹਿਸ਼ਾਸ ਪੁਲਿਸ ਵਰਦੀ ਵਿੱਚ ਵੀ ਹੁੰਦੇ ਨੇ, ਖ਼ਾਕੀ ਥੱਲੇ ਵੀ ਦਿਲ ਧੜਕਦਾ ਹੈ, ਸ਼ਬਦਾਂ ਦੀਆਂ ਸਾਂਝਾ ਹੁੰਦੀਆਂ ਨੇ, ਤੇ ਕਵਿਤਾ ਵਰਗੇ ਕੋਮਲ ਵਿਚਾਰ ਵੀ, ਅਸਲੀ ਸਾਂਝ ਵਿਚਾਰਾਂ ਦੀ ਹੁੰਦੀ ਹੈ, ਜਿੱਥੇ ਵਿਚਾਰ ਮਿਲ ਗਏ, ਉੱਥੇ ਦਿਲ ਆਪੇ ਹੀ ਮਿਲ ਜਾਂਦੇ ਨੇ, ਤੇ ਪੰਧ ਆਪਣੇ ਆਪ ਮਿਟ ਜਾਂਦੇ ਨੇ, ਜਦੋਂ ਪੰਧ ਮਿਟ ਜਾਣ ਫਿਰ ਕੋਈ ਬੇਗਾਨਾ ਨਹੀਂ ਰਹਿੰਦਾ, ਜਦੋਂ ਕੋਈ ਬੇਗਾਨਾ ਹੀ ਨਾ ਰਿਹਾ ਤਾਂ ਰੌਲਾ ਹੀ ਕਾਹਦਾ? ਸਭ ਚਿੰਤਾਵਾਂ ਤੋਂ ਮੁਕਤੀ। ਇਹ ਮੁਕਤੀ ਸੱਚੀਆਂ ਸਾਂਝਾਂ ਨਾਲ ਹੀ ਪ੍ਰਾਪਤ ਹੋਵੇਗੀ। ਵਿਰੋਧ ਜੀ ਸਦਕੇ ਕਰੋ, ਪਰ ਮਹਿਕਮੇ ਦਾ ਨਹੀਂ, ਵਿਅਕਤੀ ਵਿਸ਼ੇਸ਼ ਦਾ ਕਰੋ ਜਿਸ ਤੋਂ ਸਮੱਸਿਆ ਹੈ।
ਬਾਕੀ ਮੰਦ-ਬੁੱਧੀਆਂ ਬਾਰੇ ਮੈਂ ਕੁੱਝ ਨਹੀਂ ਕਹਿਣਾ ਕਿਉਂਕਿ ਕੁਝ ਕੁ ਪਤੰਦਰ ਤਾਂ ਜੇਕਰ ਸਾਨੂੰ ਪਾਣੀ ਉੱਪਰ ਤੁਰਦਾ ਵੀ ਦੇਖ ਲੈਣ ਤਾਂ ਵੀ ਕਹਿਣਗੇ… *ਇਨ੍ਹਾਂ ਨੂੰ ਤੈਰਨਾ-ਤਾਰਨਾ ਨਹੀਂ ਆਉਂਦਾ, ਦੇਖੋ ਇਸੇ ਕਰਕੇ ਪਾਣੀ ਉਪਰ ਵੀ ਤੁਰੇ ਫਿਰਦੇ ਆ ਪਾਗਲ*!

 

ਹਰਫੂਲ ਸਿੰਘ ਭੁੱਲਰ

Share: