ਰਿਸ਼ਤਿਆਂ ਨੂੰ ਮਜਬੂਤ ਕਰਨ ਦਾ ਸੁਨੇਹਾ : ਸਾਂਝਾ ਭੋਜਨ

ਅੱਜ ਦੇ ਸਮੇਂ ‘ਚ ਜਿਥੇ ਦੁਨੀਆਂ ਵੱਧਦੀ ਨਫਰਤ ਨਾਲ ਘਿਰੀ ਹੋਈ ਹੈ, ਉਥੇ ਇਨ੍ਹਾਂ ਰਿਸ਼ਤਿਆਂ ਨੂੰ ਮੁੜ ਰੋਸ਼ਨ ਕਰਨ ਲਈ ਸਾਂਝੇ ਭੋਜਨ ਵਾਂਗਰ ਕੋਈ ਹੋਰ ਰੀਤ ਨਹੀਂ ਹੋ ਸਕਦੀ।

ਪੁਰਾਣੇ ਸਮਿਆਂ ‘ਚ ਪਰਿਵਾਰ ਲਈ ਮਾਣ ਵਾਲੀ ਗੱਲ ਹੁੰਦੀ ਸੀ, ਜਦੋਂ ਸਾਰੇ ਪਰਿਵਾਰਕ ਮੈਂਬਰ ਇਕੱਠੇ ਰਹਿ ਕੇ ਇੱਕੋ ਹੀ ਛੱਤ ਹੇਠਾਂ ਖਾਣ-ਪੀਣ ਕਰਦੇ ਸਨ, ਜਿਥੇ ਸਾਂਝਾ ਭੋਜਨ ਸਿਰਫ਼ ਪੇਟ ਪੂਜਾ ਦਾ ਹੀ ਮੱਤਲਬ ਨਹੀਂ ਸੀ, ਸਗੋਂ ਇਹ ਆਪਸੀ ਮੁਹੱਬਤ, ਪਿਆਰ ਤੇ ਸਾਂਝੇ ਦੁੱਖ-ਸੁੱਖ ਦੇ ਬੰਧਨ ਨੂੰ ਮਜ਼ਬੂਤ ਕਰਨ ਦਾ ਵਸੀਲਾ ਵੀ ਸੀ। ਇੱਕੋ ਹੀ ਚੁੱਲ੍ਹੇ ‘ਚ ਬਣੀ ਸਾਗ-ਸਬਜ਼ੀ ਦੀ ਖੁਸ਼ਬੂ ਸਿਰਫ਼ ਘਰ ਤੱਕ ਹੀ ਸੀਮਿਤ ਨਹੀਂ ਰਹਿੰਦੀ ਸੀ, ਸਗੋਂ ਇਹ ਸਾਰੇ ਪਰਿਵਾਰਕ ਮੈਂਬਰਾਂ ਦੇ ਦਿਲਾਂ ਵਿਚ ਇਕੱਠਾ ਹੋਣ ਦੇ ਬਹਾਨੇ ਵੀ ਪੈਦਾ ਕਰਦੀ ਰਹਿੰਦੀ ਸੀ।
ਹਾਲਾਂਕਿ, ਅੱਜ ਦੇ ਯੁੱਗ ‘ਚ, ਜਿੱਥੇ ਮਹਿੰਗਾਈ, ਵੱਖ-ਵੱਖ ਤਰ੍ਹਾਂ ਦੇ ਰੁਝੇਵੇ ਅਤੇ ਘਰਾਂ ਦੀਆਂ ਆਪਣੀਆਂ ਨੋਕ-ਝੋਕਾਂ ਕਾਰਨ ਪਰਿਵਾਰ ਛੋਟੇ-ਛੋਟੇ ਹਿੱਸਿਆਂ ‘ਚ ਵੰਡ ਗਏ ਹਨ, ਪਰ ਫਿਰ ਵੀ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜਬੂਤ ਕਰਨ ਲਈ ਇਹਨਾਂ ਪਰਿਵਾਰਾ ‘ਚ ਮੌਕੇ ਵੀ ਮਿਲਦੇ ਰਹਿੰਦੇ ਹਨ। ਜਦੋਂ ਵੀ ਕੋਈ ਖ਼ੁਸ਼ੀ ਦਾ ਸਮਾਂ ਆਉਂਦਾ ਹੈ,ਜਿਵੇਂ ਕਿ ਕੋਈ ਤਿਉਹਾਰ, ਜਨਮ ਦਿਨ, ਵਿਆਹ ਦੀ ਵਰ੍ਹੇਗੰਡ ਜਾਂ ਕਿਸੇ ਨੇ ਨਵੀਂ ਗੱਡੀ ਲਿਆਂਦੀ ਹੋਵੇ। ਇਹ ਉਹ ਪਲ ਹੁੰਦੇ ਹਨ, ਜਦੋਂ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋ ਕੇ ਇਕ ਦੂਜੇ ਨਾਲ ਦੁੱਖ-ਸੁੱਖ ਸਾਂਝੇ ਕਰਦੇ ਹਨ। ਇਹ ਸਮਾਂ ਨਾ ਸਿਰਫ਼ ਭਰਾਵਾਂ, ਭਰਜਾਈਆਂ, ਜਠਾਣੀਆਂ, ਅਤੇ ਦਰਾਣੀਆਂ ਲਈ ਮਹੱਤਵ ਰੱਖਦਾ ਹੈ, ਸਗੋਂ ਬੱਚਿਆਂ ਲਈ ਵੀ ਵੱਡਾ ਸਬਕ ਹੁੰਦਾ ਹੈ, ਜਿਥੇ ਉਹ ਸੱਚਾਈ, ਇਮਾਨਦਾਰੀ, ਮਿਲਵਰਤਣ ਅਤੇ ਸੇਵਾ-ਭਾਵਨਾ ਵਰਗੇ ਗੁਣ ਸਿੱਖਦੇ ਹਨ।
ਅੱਜ ਦੇ ਸਮੇਂ ਵਿੱਚ, ਜਿਥੇ ਦੁਨੀਆ ਵਧਦੀ ਨਫਰਤ ਨਾਲ ਘਿਰੀ ਹੋਈ ਹੈ, ਉਥੇ ਇਨ੍ਹਾਂ ਰਿਸ਼ਤਿਆਂ ਨੂੰ ਮੁੜ ਰੋਸ਼ਨ ਕਰਨ ਲਈ ਸਾਂਝੇ ਭੋਜਨ ਵਾਂਗਰ ਕੋਈ ਹੋਰ ਰੀਤ ਨਹੀਂ ਹੋ ਸਕਦੀ। ਰੁਝੇਵੇਂ ਭਰੇ ਜੀਵਨ ਵਿੱਚ ਜਿੱਥੇ ਸਾਨੂੰ ਇਕ ਦੂਜੇ ਲਈ ਸਮਾਂ ਨਹੀਂ ਮਿਲਦਾ, ਉਥੇ ਇਹ ਖੁਸ਼ੀ ਦੇ ਮੌਕੇ ਸਾਡੇ ਲਈ ਇੱਕ ਦੂਜੇ ਨਾਲ ਜੁੜਨ ਦਾ ਸੁਨੇਹਾ ਲਿਆਉਂਦੇ ਹਨ। ਜਦੋਂ ਸਾਡੇ ਬੱਚੇ ਸਾਡੇ ਪਿਛੋਕੜ ਬਾਰੇ ਗੱਲਾਂ ਸੁਣਦੇ ਹਨ, ਤਾਂ ਉਹਨਾਂ ਨੂੰ ਆਪਣੇ ਪਰਿਵਾਰ ਦੀਆਂ ਜੜ੍ਹਾਂ ਅਤੇ ਪਿਛਲੇ ਸਮਿਆਂ ਦੇ ਹਾਲਾਤਾਂ ਬਾਰੇ ਵੀ ਪਤਾ ਲੱਗਦਾ ਹੈ। ਇਸ ਤਰ੍ਹਾਂ, ਸਾਂਝੇ ਭੋਜਨ ਨਾਲ ਸਿਰਫ਼ ਭੁੱਖ ਨਹੀਂ ਮਿਟਾਈ ਜਾਂਦੀ, ਸਗੋਂ ਸਾਨੂੰ ਮਿਲਵਰਤਣ ਅਤੇ ਲੋੜੀਂਦੇ ਰਿਸ਼ਤਿਆਂ ਦੀ ਮਹਿਕ ਵੀ ਮਿਲਦੀ ਹੈ।
ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਮਜਬੂਤ ਕਰਨ ਲਈ ਇਨ੍ਹਾਂ ਮੌਕਿਆਂ ਨੂੰ ਨਾ ਗਵਾਉਂਦੇ ਹੋਏ, ਸਮੇਂ ਦੀ ਰਫ਼ਤਾਰ ਵਿੱਚੋਂ ਕੁਝ ਪਲ ਕਢੀਏ। ਇਸ ਮਾਹੌਲ ਵਿੱਚ ਮਿਲ ਕੇ ਖਾਣ ਨਾਲ ਜਿਥੇ ਅਪਣੱਤ ਵਧਦਾ ਹੈ, ਉਥੇ ਸਾਡੇ ਰਿਸ਼ਤਿਆਂ ਦੀ ਨੀਂਹ ਵੀ ਹੋਰ ਮਜਬੂਤ ਹੁੰਦੀ ਹੈ। ਆਓ, ਇਹਨਾਂ ਮੌਕਿਆਂ ‘ਤੇ ਇੱਕਠੀਆਂ ਭੋਜਨ ਕਰ ਆਪਣੇ ਰਿਸ਼ਤਿਆਂ ਨੂੰ ਨਵੀਂ ਰੌਸ਼ਨੀ ਬਖ਼ਸ਼ੀਏ ਅਤੇ ਜਿੰਦਗੀ ਦੇ ਰੇਗਿਸਤਾਨ ਵਿੱਚ ਮੁਹੱਬਤ ਦੇ ਫੁੱਲ ਖਿੜਾਈਏ।
ਬਲਦੇਵ ਸਿੰਘ ਬੇਦੀ 
Share: